ਫੜੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ 7 ਕਰੋੜ ਰੁਪਏ; ਮੁਲਜ਼ਮ ਤੋਂ ਮਿਲੀ ਸੂਹ ਦੇ ਆਧਾਰ ’ਤੇ ਪੁਲੀਸ ਨੇ ਮੁੱਖ ਨਸ਼ਾ ਸਪਲਾਇਰ ਦੇ ਘਰ ਰੇਡ ਮਾਰ ਕੇ ਬਰਾਮਦ ਕੀਤੀ 5.79 ਲੱਖ ਰੁਪਏ ਦੀ ਡਰੱਗ ਮਨੀ
ਸਰਬਜੀਤ ਸਿੰਘ ਭੱਟੀ
ਅੰਬਾਲਾ, 21 ਮਾਰਚ
ਅੰਬਾਲਾ ਪੁਲੀਸ ਨੇ ਸ਼ੁੱਕਰਵਾਰ ਨੂੰ ਗੁਪਤ ਸੂਚਨਾ ਦੇ ਅਧਾਰ ’ਤੇ ਇੱਕ ਵੱਡੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਉਸ ਕੋਲੋਂ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ 7 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਮੁਲਜ਼ਮ ਦੀ ਪਛਾਣ ਹੀਰਾ ਚਾਵਲਾ, ਵਾਸੀ ਜੱਗੀ ਗਾਰਡਨ, ਅੰਬਾਲਾ ਸ਼ਹਿਰ ਵਜੋਂ ਹੋਈ ਹੈ। ਇਹ ਜਾਣਕਾਰੀ ਐਸਪੀ ਅੰਬਾਲਾ ਸੁਰਿੰਦਰ ਸਿੰਘ ਭੌਰੀਆ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਦਿੱਤੀ ਹੈ।
ਐਸਪੀ ਭੌਰੀਆ ਨੇ ਦੱਸਿਆ ਕਿ ਥਾਣਾ ਪੜਾਉ ਖੇਤਰ ਵਿੱਚ ਕਾਲੀ ਪਲਟਨ ਪੁਲ, ਅੰਬਾਲਾ ਛਾਉਣੀ ਨੇੜੇ ਸੀਆਈਏ-1 ਅੰਬਾਲਾ ਦੇ ਸਬ ਇੰਸਪੈਕਟਰ ਆਸ਼ੀਸ਼ ਕੁਮਾਰ ਅਤੇ ਪੁਲੀਸ ਟੀਮ ਨੇ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਗੁਪਤ ਸੂਚਨਾ ਦੇ ਆਧਾਰ ’ਤੇ ਤੁਰੰਤ ਕਾਰਵਾਈ ਕਰਦਿਆਂ ਹੀਰਾ ਚਾਵਲਾ ਨੂੰ 1 ਕਿਲੋ ਹੈਰੋਇਨ ਅਤੇ ਕਾਰ ਸਮੇਤ ਕਾਬੂ ਕਰ ਕੀਤਾ ਹੈ।
ਥਾਣਾ ਪੜਾਉ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਕੇ ਮੁਲਜ਼ਮ ਦਾ 3 ਰੋਜ਼ਾ ਪੁਲੀਸ ਰਿਮਾਂਡ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਕਿਸੇ ਹੋਰ ਲਈ ਨਸ਼ਾ ਸਪਲਾਈ ਕਰਦਾ ਹੈ ਅਤੇ ਬਦਲੇ ਵਿੱਚ ਵੱਡੀ ਰਕਮ ਲੈਂਦਾ ਹੈ। ਉਹ ਇਹ ਹੈਰੋਇਨ ਦਿੱਲੀ ਤੋਂ ਲਿਆਇਆ ਸੀ, ਜਿਸ ਨੂੰ ਕਿਸੇ ਹੋਰ ਨੂੰ ਸਪਲਾਈ ਕੀਤਾ ਜਾਣਾ ਸੀ।
ਮੁਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਪੁਲੀਸ ਨੂੰ ਮੁੱਖ ਨਸ਼ਾ ਸਪਲਾਇਰ ਦੇ ਘਰ ਰੇਡ ਦੌਰਾਨ 5.79 ਲੱਖ ਰੁਪਏ ਡਰੱਗ ਮਨੀ ਵੀ ਮਿਲੀ। ਮੁੱਖ ਨਸ਼ਾ ਸਪਲਾਇਰ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ। ਪੁਲੀਸ ਰਿਮਾਂਡ ਦੌਰਾਨ ਹੋਰ ਗੰਭੀਰ ਪੁੱਛਗਿੱਛ ਕੀਤੀ ਜਾਵੇਗੀ।