ਜਗਤਾਰ ਸਮਾਲਸਰ
ਰਾਣੀਆ ਦੇ ਪਿੰਡ ਓਟੂ ਵਿੱਚ ਅੱਜ ਦੋ ਨੌਜਵਾਨਾਂ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਇਨ੍ਹਾਂ ਮੌਤਾਂ ਦਾ ਕਾਰਨ ਨਸ਼ੇ ਦੀ ਓਵਰਡੋਜ਼ ਦੱਸਿਆ ਹੈ। ਮ੍ਰਿਤਕਾਂ ਦੀ ਪਛਾਣ 20 ਸਾਲਾ ਸੁਖਚੈਨ ਅਤੇ 19 ਸਾਲਾ ਵਿੱਕੀ ਵਜੋਂ ਹੋਈ ਹੈ। ਇਸ ਕਾਰਨ ਪਿੰਡ ਵਿੱਚ ਸੋਗ ਹੈ ਅਤੇ ਲੋਕਾਂ ਵੱਲੋਂ ਨਸ਼ਿਆਂ ਦੇ ਵਧਦੇ ਜਾ ਰਹੇ ਖ਼ਤਰੇ ’ਤੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ।
ਸੁਖਚੈਨ ਦੀ ਲਾਸ਼ ਰਾਣੀਆ ਟਰੱਕ ਯੂਨੀਅਨ ਦੇ ਨੇੜਿਓਂ ਮਿਲੀ ਹੈ। ਉਹ ਮੰਗਲਵਾਰ ਸ਼ਾਮ ਤੋਂ ਘਰੋਂ ਲਾਪਤਾ ਸੀ, ਜਦੋਂਕਿ ਵਿੱਕੀ ਦੀ ਲਾਸ਼ ਅਭੋਲੀ ਪਿੰਡ ਦੇ ਬੱਸ ਅੱਡੇ ਦੇ ਨੇੜਿਓਂ ਬਰਾਮਦ ਹੋਈ ਹੈ। ਥਾਣਾ ਰਾਣੀਆ ਦੇ ਵਧੀਕ ਐੱਸ ਐੱਚ ਓ ਗੁਰਮਿੰਦਰ ਮਾਨ ਨੇ ਕਿਹਾ ਕਿ ਮੌਤਾਂ ਦੇ ਕਾਰਨ ਦੀ ਪੁਸ਼ਟੀ
ਨਹੀਂ ਹੋਈ ਹੈ।
ਪਿੰਡ ਵਾਸੀਆਂ ਦੇ ਦੱਸਿਆ ਕਿ ਪਿਛਲੇ ਮਹੀਨੇ ਵੀ ਪਿੰਡ ਵਿੱਚ ਨਸ਼ੇ ਕਾਰਨ ਦੋ ਮੌਤਾਂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਕਾਰਨ ਹੁਣ ਦੋ ਹੋਰ ਨੌਜਵਾਨਾਂ ਦੀ ਜਾਨ ਚਲੀ ਗਈ ਹੈ। ਇਸ ਕਾਰਨ ਪ੍ਰਸ਼ਾਸਨ ਖ਼ਿਲਾਫ਼ ਸਥਾਨਕ ਲੋਕਾਂ ਵਿੱਚ ਗੁੱਸਾ ਹੈ।
ਉਨ੍ਹਾਂ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਚਲਾਈਆਂ ਜਾ ਰਹੀਆਂ ਨਸ਼ਾ ਵਿਰੋਧੀ ਮੁਹਿੰਮਾਂ ਸਿਰਫ਼ ਕਾਗਜ਼ਾਂ ਤੱਕ ਹਨ ਅਤੇ ਜ਼ਮੀਨੀ ਪੱਧਰ ’ਤੇ ਕੋਈ ਪ੍ਰਭਾਵ ਨਹੀਂ ਪਾ ਰਹੀਆਂ। ਉਨ੍ਹਾਂ ਨੇ ਨਸ਼ਿਆਂ ਦੀ ਵਰਤੋਂ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੀ ਮੰਗ ਕੀਤੀ ਹੈ।

