ਪੰਜਾਬ ਡਰਾਫਟਸਮੈਨ ਐਸੋਸੀਏਸ਼ਨ (ਮਾਨਤਾ ਪ੍ਰਾਪਤ) ਦੀ ਇੱਕ ਮੀਟਿੰਗ ਸੈਕਟਰ 18 ਸਥਿਤ ਮੁੱਖ ਦਫ਼ਤਰ ਵਿੱਚ ਸੂਬਾ ਪ੍ਰਧਾਨ ਚਰਨ ਕਮਲ ਸ਼ਰਮਾ ਦੀ ਪ੍ਰਧਾਨਗੀ ਹੇਠ ਡਰਾਇੰਗ ਕੇਡਰ ਦੇ ਮਸਲਿਆਂ ਬਾਰੇ ਹੋਈ। ਮੀਟਿੰਗ ਦੌਰਾਨ ਜੂਨੀਅਰ ਡਰਾਫਟਸਮੈਨਾਂ ਨੂੰ ਵਾਧੂ ਚਾਰਜ ਦੇਣ, ਛੁੱਟੀਆਂ ਵਿੱਚ ਦਫਤਰੀ ਕੰਮ ਕਰਵਾਉਣ ਅਤੇ ਪੰਜ ਵਜੇ ਛੁੱਟੀ ਤੋਂ ਬਾਅਦ ਦੇਰ ਸ਼ਾਮ ਤੱਕ ਕੰਮ ਕਰਵਾਉਣ ਸਬੰਧੀ ਗੰਭੀਰ ਨੋਟਿਸ ਲਿਆ ਗਿਆ।
ਸੂਬਾ ਪ੍ਰਧਾਨ ਚਰਨ ਕਮਲ ਸ਼ਰਮਾ, ਜਨਰਲ ਸਕੱਤਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਸਮੇਂ-ਸਮੇਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਵਿਭਾਗ ਦੇ ਮੰਤਰੀਆਂ ਅਤੇ ਪ੍ਰਿੰਸੀਪਲ ਸਕੱਤਰ ਨੂੰ ਮੰਗ ਪੱਤਰ ਦਿੱਤੇ ਗਏ ਪਰ ਸਰਕਾਰ ਵੱਲੋਂ ਕੋਈ ਅਮਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 2023 ਦੀ ਮੁੜ ਬਣਤਰ ਦੌਰਾਨ ਕੇਡਰ ਦੀ ਮੁੱਖ ਪੋਸਟ ਡਵੀਜਨਲ ਹੈੱਡ ਡਰਾਫਟਸਮੈਨ ਨੂੰ ਖਤਮ ਕਰਕੇ ਅਤੇ ਕੇਡਰ ਦੀਆ ਪੋਸਟਾਂ 722 ਤੋਂ ਘਟਾ ਕੇ 236 ਕਰ ਦਿੱਤਾ ਗਿਆ ਹੈ। ਜੂਨੀਅਰ ਡਰਾਫਟਸਮੈਨ ਤੋਂ ਪਦ-ਉਨਤੀ ਦੇ ਮੌਕੇ ਵੀ ਖੋਹਣ ਦੀ ਕੋਸ਼ਿਸ ਤਹਿਤ ਮਾਲ ਪਟਵਾਰੀ ਅਤੇ ਰੈਵੇਨਿਊ ਕਲਰਕਾਂ ਲਈ ਜੂਨੀਅਰ ਇੰਜੀਨੀਅਰ ਦੀ ਪਦਉਨਤੀ ਲਈ ਕੋਟਾ ਫਿਕਸ ਕਰ ਦਿੱਤਾ ਗਿਆ ਹੈ, ਜਿਸ ਨੂੰ ਜਥੇਬੰਦੀ ਤੁਰੰਤ ਰੱਦ ਕਰਨ ਦੀ ਮੰਗ ਕਰਦੀ ਹੈ।
ਐਸੋਸੀਏਸ਼ਨ ਨੇ ਮੰਗ ਕੀਤੀ ਕਿ ਡਵੀਜ਼ਨਲ ਹੈੱਡ ਡਰਾਫਟਸਮੈਨ ਦੀ ਖਤਮ ਕੀਤੀ ਪੋਸਟ ਨੂੰ ਤੁਰੰਤ ਬਹਾਲ ਕੀਤਾ ਜਾਵੇ ਅਤੇ ਮੁੜ ਬਣਤਰ ਦੌਰਾਨ ਘਟਾਈਆਂ ਪੋਸਟਾਂ ਨੂੰ ਬਹਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਡਰਾਇੰਗ ਕੇਡਰ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਜਥੇਬੰਦੀ ਨੂੰ ਸੰਘਰਸ਼ ਛੇੜਨਾ ਪਵੇਗਾ। ਇਸ ਮੌਕੇ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਮੋਹਿਤ ਠਾਕੁਰ, ਜਨਰਲ ਸਕੱਤਰ ਤਨਵ ਭਾਰਦਵਾਜ, ਅਮਨਵੀਰ ਸ਼ਿਘ, ਇਸਾਨ ਸ਼ਰਮਾ ਨੇ ਸੰਬੋਧਨ ਕੀਤਾ।

