ਭਾਜਪਾ ਦੀ ਕਹਿਣੀ ਤੇ ਕਰਨੀ ’ਚ ਫ਼ਰਕ: ਹੁੱਡਾ
ਲਾਡੋ ਲਕਸ਼ਮੀ ਯੋਜਨਾ ’ਤੇ ਚੁੱਕੇ ਸਵਾਲ; ਹਰਿਆਣਾ ਨੂੰ ਦੱਸਿਆ ਦੇਸ਼ ਦਾ ਸਭ ਤੋਂ ਅਣ-ਸੁਰੱਖਿਅਤ ਸੂਬਾ
ਸੰਸਦ ਮੈਂਬਰ ਦੀਪਿੰਦਰ ਹੁੱਡਾ ਨੇ ਹਰਿਆਣਾ ਸਰਕਾਰ ਦੀ ਲਾਡੋ ਲਕਸ਼ਮੀ ਯੋਜਨਾ ’ਤੇ ਸਵਾਲ ਖੜ੍ਹੇ ਕਰ ਕੇ ਭਾਜਪਾ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਭਾਜਪਾ ਸਰਕਾਰ ਨੇ ਹਰਿਆਣਾ ਦਿਵਸ ਦੇ ਮੌਕੇ ’ਤੇ ਲਾਡੋ ਲਕਸ਼ਮੀ ਯੋਜਨਾ ਲਾਗੂ ਕਰ ਕੇ ਇੱਕ ਵਾਰ ਫਿਰ ਸੂਬੇ ਦੀਆਂ ਮਹਿਲਾਵਾਂ ਨਾਲ ਵੱਡਾ ਧੋਖਾ ਕੀਤਾ ਹੈ। ਭਾਜਪਾ ਨੇ ਅਪਣੇ ਚੋਣ ਮਨੋਰਥ ਪੱਤਰ ਵਿੱਚ ਵਾਅਦਾ ਕੀਤਾ ਸੀ ਕਿ ਹਰਿਆਣਾ ਦੀ ਹਰ ਮਹਿਲਾ ਨੂੰ 2100 ਰੁਪਏ ਦਿੱਤੇ ਜਾਣਗੇ, ਪਰ ਹੁਣ ਇਹ ਯੋਜਨਾ ਸਿਰਫ ਪੰਜ ਤੋਂ ਸੱਤ ਲੱਖ ਮਹਿਲਾਵਾਂ ਤੱਕ ਸੀਮਿਤ ਕਰ ਦਿੱਤੀ ਗਈ ਹੈ, ਜਦੋਂਕਿ ਵਾਅਦਾ ਹਰੇਕ ਮਹਿਲਾ ਨਾਲ ਕੀਤਾ ਗਿਆ ਸੀ ਤਾਂ ਹੁਣ ਸ਼ਰਤਾਂ ਕਿਉਂ ਲਗਾਈ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਗਾਰੰਟੀ ਸਿਰਫ ਚੌਣਾਂ ਤੱਕ ਹੀ ਸੀਮਤ ਹੈ, ਉਸ ਤੋਂ ਬਾਅਦ ਉਨ੍ਹਾਂ ਦੀ ਕੋਈ ਗਾਰੰਟੀ ਨਹੀਂ ਰਹਿੰਦੀ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਪੂਰੀ ਤਰ੍ਹਾਂ ਗ਼ੈਰ-ਜ਼ਿੰਮੇਵਾਰ ਸਰਕਾਰ ਹੈ, ਇਸ ਨੂੰ ਲੋਕਾਂ ਦੀਆਂ ਤਕਲੀਫਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ਦੇਸ਼ ਦਾ ਸਭ ਤੋਂ ਵੱਧ ਅਣ-ਸੁਰੱਖਿਅਤ ਸੂਬਾ ਬਣ ਗਿਆ ਹੈ। ਹਰਿਆਣਾ ਵਿੱਚ ਵੱਡੇ ਪੱਧਰ ’ਤੇ ਫ਼ਿਰੋਤੀ ਦਾ ਬੋਲਬਾਲਾ ਚੱਲ ਰਿਹਾ ਹੈ, ਕੇਂਦਰ ਸਰਕਾਰ ਦੀ ਰਿਪੋਰਟ ਤੇ ਆਂਕੜੇ ਇਸ ਦੀ ਪੁਸ਼ਟੀ ਕਰਦੇ ਹਨ। ਹਰਿਆਣਾ ਵਿੱਚ ਸੰਗਠਿਤ ਅਪਰਾਧ ਜ਼ੋਰਾਂ ’ਤੇ ਹੈ, ਜਿਸ ਦੇ ਚਲਦੇ ਇੱਥੇ 60 ਤੋਂ ਵੱਧ ਗੈਂਗਸਟਰਾਂ ਦੇ ਗੈਂਗ ਲੁੱਟ, ਫ਼ਿਰੋਤੀ, ਹੱਤਿਆ ਤੇ ਡਕੈਤੀ ਜਿਹੇ ਮਾਮਲਿਆਂ ਨੂੰ ਅੰਜਾਮ ਦੇ ਰਹੇ ਹਨ। ਇਸ ਦੇ ਉਲਟ 11 ਸਾਲ ਪਹਿਲਾਂ ਕਾਂਗਰਸ ਸਰਕਾਰ ਨੇ ਹਰਿਆਣਾ ਨੂੰ ਗੈਂਗਸਟਰ ਮੁਕਤ ਬਣਾਉਣ ਦਾ ਕੰਮ ਕੀਤਾ ਸੀ, ਜਿਸਦੇ ਚਲਦੇ ਹੁੱਡਾ ਸਰਕਾਰ ਵੇਲੇ ਕਾਨੂੰਨ ਪ੍ਰਬੰਧ ਵਧੀਆ ਹੋਣ ਸਦਕਾ ਹਰਿਆਣਾ ਵਿੱਚ ਸਭ ਤੋਂ ਵੱਧ ਨਿਵੇਸ਼ ਆਇਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਹਰਿਆਣਾ ਵਿੱਚ ਅਮਨ ਸ਼ਾਂਤੀ ਸੀ, ਪਰ ਹੁਣ ਭਾਜਪਾ ਦੇ ਸ਼ਾਸਨ ਵੇਲੇ ਹਰਿਆਣਾ ਵਿੱਚ ਸ਼ਰੇਆਮ ਅਪਰਾਧ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਸ੍ਰੀ ਹੁੱਡਾ ਨੇ ਹਰਿਆਣਾ ਦੇ ਸਥਾਪਨਾ ਦਿਵਸ ’ਤੇ ਹਰਿਆਣਾ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ 59 ਸਾਲਾਂ ਦੀ ਇਸ ਗੌਰਵਸ਼ਾਲੀ ਯਾਤਰਾ ਵਿੱਚ ਹਰਿਆਣਾ ਦੇ ਸਾਰੇ ਨਾਗਰਿਕਾਂ ਦਾ ਅਮੁੱਲ ਯੋਗਦਾਨ ਹੈ। ਇਸ ਮੌਕੇ ਸੰਸਦ ਸੱਤਪਾਲ ਬ੍ਰਹਮਚਾਰੀ ਅਤੇ ਜੈ ਪ੍ਰਕਾਸ਼ ਵੀ ਹਾਜ਼ਰ ਰਹੇ।

