ਪੱਛਮੀ ਗੜਬੜੀ ਕਾਰਨ ਟਰਾਈਸਿਟੀ, ਪੰਜਾਬ ਤੇ ਹਰਿਆਣਾ ਵਿਚ ਆਉਣ ਵਾਲੇ ਦੋ ਦਿਨ ਸੰਘਣੀ ਧੁੰਦ ਪਵੇਗੀ। ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਲੁਧਿਆਣਾ ਵਿਚ ਘੱਟੋ-ਘੱਟ ਤਾਪਮਾਨ 7.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਪੱਛਮੀ ਗੜਬੜੀ ਕਾਰਨ ਹਿਮਾਲੀਅਨ ਖੇਤਰ ਵਿਚ ਠੰਢ ਵਧੇਗੀ। ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਪੰਜਾਬ ਤੇ ਹਰਿਆਣਾ ਵਿਚ 2-3 ਦਿਨਾਂ ਲਈ ਸੰਘਣੀ ਧੁੰਦ ਰਹੇਗੀ। ਇਸ ਦੌਰਾਨ ਕਈ ਥਾਵਾਂ ’ਤੇ ਸੀਤ ਲਹਿਰ ਚੱਲੇਗੀ। ਮਾਹਰਾਂ ਨੇ ਕਿਹਾ ਹੈ ਕਿ ਪੰਜਾਬ ਤੇ ਚੰਡੀਗੜ੍ਹ ਵਿਚ ਆਉਣ ਵਾਲੇ ਦਿਨਾਂ ਵਿਚ ਸੰਘਣੀ ਧੁੰਦ ਪਵੇਗੀ ਤੇ ਪਾਰਾ ਡਿੱਗੇਗਾ।
ਠੰਢ ਨੇ ਕਸ਼ਮੀਰ ਵਾਦੀ ਨੂੰ ਆਪਣੀ ਜਕੜ ਵਿਚ ਲੈ ਲਿਆ ਹੈ ਤੇ ਘੱਟੋ ਘੱਟ ਤਾਪਮਾਨ ਮਨਫੀ ਤੋਂ ਹੇਠਾਂ ਰਿਹਾ। ਜੰਮੂ ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਵਿਚ ਮਨਫੀ 3.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਹਾਲਾਂਕਿ ਇਸ ਤੋਂ ਪਿਛਲੀ ਰਾਤ ਘੱਟੋ ਘੱਟ ਤਾਪਮਾਨ ਮਨਫੀ 2.9 ਡਿਗਰੀ ਸੀ।
ਦੱਖਣੀ ਕਸ਼ਮੀਰ ਦੇ ਕਾਜ਼ੀਗੁੰਡ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਉੱਤਰੀ ਕਸ਼ਮੀਰ ਦੇ ਕੁਪਵਾੜਾ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 3.6 ਡਿਗਰੀ ਸੈਲਸੀਅਸ ਅਤੇ ਦੱਖਣੀ ਕਸ਼ਮੀਰ ਦੇ ਕੋਕਰਨਾਗ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 0.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

