ਦਿੱਲੀ-ਆਨੰਦਪੁਰ ਸਾਹਿਬ ਸੀਸ ਮਾਰਗ ਯਾਤਰਾ ਦਾ ਭਰਵਾਂ ਸਵਾਗਤ
ਪੰਥਕ ਲਹਿਰ ਦੇ ਆਗੂਆਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕੋਲ ਸੰਗਤ ਲਈ ਲੰਗਰ ਲਾਇਆ
ਦਿੱਲੀ ਤੋਂ ਆਰੰਭ ਹੋਈ 15ਵੀਂ ਸੀਸ ਮਾਰਗ ਯਾਤਰਾ ਦਾ ਅੱਜ ਮੁਹਾਲੀ ਪਹੁੰਚਣ ’ਤੇ ਸ਼ਹਿਰ ਵਾਸੀਆਂ ਨੇ ਥਾਂ-ਥਾਂ ਸਵਾਗਤ ਕੀਤਾ। ਭਾਈ ਮਨਜੀਤ ਸਿੰਘ ਗੰਗਾ ਨਰਸਰੀ ਜੀਰਕਪੁਰ ਵੱਲੋਂ ਸੰਗਤ ਦੇ ਸਹਿਯੋਗ ਨਾਲ ਸਜਾਇਆ ਗਿਆ ਨਗਰ ਕੀਰਤਨ ਅੱਜ ਸਵੇਰੇ ਨਾਭਾ ਸਾਹਿਬ ਤੋਂ ਜ਼ੀਰਕਪੁਰ, ਟ੍ਰਿਬਿਊਨ ਚੌਕ, ਸੈਕਟਰ 47 ਨੂੰ ਹੁੰਦਾ ਹੋਇਆ ਫੇਜ਼ ਗਿਆਰਾਂ ਰਾਹੀਂ ਮੁਹਾਲੀ ਪਹੁੰਚਿਆ।
ਫੇਜ਼-11, ਫੇਜ਼-10, ਫੇਜ਼ ਨੌਂ, ਗੁਰਦੁਆਰਾ ਅੰਬ ਸਾਹਿਬ, ਫੇਜ਼ ਸੱਤ, ਕੁੰਭੜਾ ਚੌਕ, ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੋਂ ਹੁੰਦਾ ਹੋਇਆ ਨਗਰ ਕੀਰਤਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਹੁੰਦਾ ਹੋਇਆ ਲਾਂਡਰਾਂ ਤੋਂ ਖਰੜ, ਕੁਰਾਲੀ, ਰੂਪਨਗਰ ਵੱਲ ਗਿਆ, ਜਿੱਥੋਂ ਦੇਰ ਸ਼ਾਮ ਆਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਇਆ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਪੰਥਕ ਅਕਾਲੀ ਲਹਿਰ ਵੱਲੋਂ ਸੰਗਤ ਲਈ ਚਾਹ-ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਪੰਥਕ ਅਕਾਲੀ ਲਹਿਰ ਦੇ ਦਫ਼ਤਰ ਇੰਚਾਰਜ ਭਾਈ ਅੰਮ੍ਰਿਤ ਸਿੰਘ ਰਤਨਗੜ੍ਹ, ਗੁਰਮੀਤ ਸਿੰਘ, ਹਰਮਿੰਦਰ ਸਿੰਘ ਪਤੋਂ, ਨਿਰਮੈਲ ਸਿੰਘ ਜੌਲਾ, ਜਸਵੀਰ ਸਿੰਘ ਕੁਰੜਾ, ਬਲਜਿੰਦਰ ਸਿੰਘ ਲਖਨੌਰ, ਭੁਪਿੰਦਰ ਸਿੰਘ ਮੌਲੀ, ਸਪਿੰਦਰ ਸਿੰਘ ਗਿੱਦੜਪੁਰ, ਸਰਪੰਚ ਗੁਰਜੰਟ ਸਿੰਘ, ਸਤਨਾਮ ਸਿੰਘ, ਜਿੰਦਾ ਸਿਆਊ ਤੇ ਜਸਵਿੰਦਰ ਕੁਮਾਰ, ਸੁਖਜੀਤ ਸਿੰਘ ਸੁੱਖੀ, ਹਰਕੀਰਤ ਸਿੰਘ, ਅਮਰਜੀਤ ਸਿੰਘ ਗਿਆਨੀ, ਜਸਪ੍ਰੀਤ ਸਿੰਘ ਪੰਚ, ਗੁਰਪ੍ਰੀਤ ਸਿੰਘ ਬੈਰੋਂਪੁਰ, ਗੁਰਦੀਪ ਸਿੰਘ, ਹਰਪਾਲ ਸਿੰਘ ਤੇ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਭਾਈ ਮਨਜੀਤ ਸਿੰਘ ਦਾ ਸਨਮਾਨ ਕੀਤਾ ਗਿਆ।
ਚੰਡੀਗੜ੍ਹ (ਕੁਲਦੀਪ ਸਿੰਘ): ਭਾਈ ਜੈਤਾ ਨੂੰ ਸਮਰਪਿਤ ਸੀਸ ਮਾਰਗ ਯਾਤਰਾ ਦਾ ਅੱਜ ਇੱਥੇ ਹੱਲੋਮਾਜਰਾ ਸਥਿਤ ਸੀ ਆਰ ਪੀ ਐੱਫ ਕੈਂਪ ਵਿੱਚ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਡੀ ਆਈ ਜੀ ਕੇਵਲ ਸਿੰਘ, ਡੀ ਆਈ ਜੀ ਹਰਿੰਦਰ ਸਿੰਘ, ਕਮਾਂਡੈਂਟ ਵਿਸ਼ਾਲ ਕੰਵਲ, ਕਮਾਂਡੈਂਟ ਵਿਕਰਮ ਸਿੰਘ, ਡੀ ਐੱਸ ਪੀ ਕੁਲਵਿੰਦਰ ਸਿੰਘ, ਸਬ-ਇੰਸਪੈਕਟਰ ਕਰਮਜੀਤ ਸਿੰਘ ਅਤੇ ਬਾਬਾ ਸੁਖਵਿੰਦਰ ਸਿੰਘ ਨੇ ਸਵਾਗਤ ਕੀਤਾ। ਬਕਾਇਦਾ ਤੌਰ ’ਤੇ ਸਲਾਮੀ ਵੀ ਦਿੱਤੀ ਗਈ। ਕੈਂਪ ਵਿੱਚ ਯਾਤਰਾ ਦੇ ਦਰਸ਼ਨਾਂ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਨਗਰ ਨਿਗਮ ਚੰਡੀਗੜ੍ਹ ਦੇ ਮੇਅਰ ਹਰਪ੍ਰੀਤ ਕੌਰ ਬਬਲਾ ਵੀ ਪਹੁੰਚੇ। ਇਸ ‘ਸੀਸ ਮਾਰਗ ਯਾਤਰਾ’ ਦੇ ਲਈ ਪਿੰਡ ਹੱਲੋਮਾਜਰਾ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਕੁਲਦੀਪ ਸਿੰਘ, ਸੁਖਜੀਤ ਸਿੰਘ ਸੁੱਖਾ ਸਰਪੰਚ, ਚੇਅਰਮੈਨ ਦੀਦਾਰ ਸਿੰਘ, ਕੌਂਸਲਰ ਗੁਰਚਰਨ ਸਿੰਘ, ਸਮੇਤ ਜੋਗਿੰਦਰ ਸਿੰਘ, ਕੇਸਰ ਸਿੰਘ, ਭਜਨ ਸਿੰਘ ਵੱਲੋਂ ਸਾਂਝੇ ਤੌਰ ਉਤੇ ਚਾਹ ਦਾ ਲੰਗਰ ਲਗਾਇਆ ਗਿਆ।
ਲਾਲੜੂ ਪੁੱਜੇ ਨਗਰ ਕੀਰਤਨ ’ਤੇ ਫੁੱਲਾਂ ਦੀ ਵਰਖਾ
ਲਾਲੜੂ (ਸਰਬਜੀਤ ਸਿੰਘ ਭੱਟੀ): ਗੁਰੂ ਤੇਗ ਬਹਾਦਰ, ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਦੇ 350 ਸ਼ਹੀਦੇ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਸੰਤ ਖਾਲਸਾ ਇੰਟਰਨੈਸ਼ਨਲ ਫਾਊਂਡੇਸ਼ਨ ਗੁਰਦੁਆਰਾ ਗੁਰਸਾਗਰ ਸਾਹਿਬ ਵੱਲੋਂ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਰਵਾਨਾ ਹੋਇਆ ਜੋ ਕਿ ਵੱਖ ਵੱਖ ਸ਼ਹਿਰਾਂ ਅਤੇ ਗੁਰਦੁਆਰਾ ਸਾਹਿਬ ਵਿਖੇ ਹੁੰਦਾ ਹੋਇਆ ਬੀਤੀ ਰਾਤ ਗੁਰਦੁਆਰਾ ਗੁਰਸਾਗਰ ਸਾਹਿਬ ਚੰਡੀਗੜ੍ਹ ਨੇੜੇ ਵਿਸ਼ਰਾਮ ਉਪਰੰਤ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਦਰਬਾਰ ਕਰਵਾਇਆ ਗਿਆ। ਵੱਖ ਵੱਖ ਰਾਗੀ ਸਿੰਘਾਂ ਵੱਲੋਂ ਕਥਾ ਕੀਰਤਨ ਕਰਨ ਤੋਂ ਬਾਅਦ ਅਗਲੇ ਪੜਾਅ ਲਈ ਰਵਾਨਾ ਹੋਇਆ। ਇਸ ਨਗਰ ਕੀਰਤਨ ਦਾ ਲਾਲੜੂ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ। ਭਾਈ ਜਗਜੀਤ ਸਿੰਘ ਛੜਬੜ ਨੇ ਦੱਸਿਆ ਕਿ ਫਾਊਂਡੇਸ਼ਨ ਦੇ ਚੇਅਰਮੈਨ ਸੰਤ ਪ੍ਰਿਤਪਾਲ ਸਿੰਘ ਸੁਖਨਾ ਝੀਲ ਚੰਡੀਗੜ੍ਹ ਵਾਲਿਆਂ ਦੀ ਪ੍ਰੇਰਨਾ ਸਦਕਾ ਭਾਈ ਤੇਜੇਸਵਰ ਪ੍ਰਤਾਪ ਸਿੰਘ ਅਤੇ ਮਾਤਾ ਚਰਨ ਕਮਲ ਕੌਰ ਦੀ ਅਗਵਾਈ ਹੇਠ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸਮਾਪਤ ਹੋਵੇਗਾ। ਸਮਾਪਤੀ ਵੇਲੇ 27 ਨਵੰਬਰ ਨੂੰ ਗੁਰਦੁਆਰਾ ਸਾਹਿਬ ਦੇ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਕੀਰਤਨ ਦਰਬਾਰ ਕਰਵਾਇਆ ਜਾਵੇਗਾ।
ਗੁਰੂ ਤੇਗ ਬਹਾਦਰ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਲੋੜ: ਕੰਗ
ਕੁਰਾਲੀ (ਮਿਹਰ ਸਿੰਘ): ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਗੁਰੂ ਤੇਗ ਬਹਾਦਰ ਦੇ ਜੀਵਨ ਤੇ ਕੁਰਬਾਨੀ ਤੋਂ ਸੇਧ ਲੈ ਕੇ ਦੂਜਿਆਂ ਦੀ ਰੱਖਿਆ ਕਰਨ ਦੇ ਰਾਹ ਚੱਲਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਮਨੁੱਖਤਾ ਤੇ ਦੂਜਿਆਂ ਦੇ ਧਰਮ ਦੀ ਰੱਖਿਆ ਲਈ ਕੁਰਬਾਨੀ ਕਰਕੇ ਲਾਸਾਨੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਅੱਜ ਫਿਰਕੂ ਤਾਕਤਾਂ ਤੇ ਸਿਆਸੀ ਪਾਰਟੀਆਂ ਧਰਮ ਤੇ ਜਾਤ-ਪਾਤ ਦੇ ਨਾਂ ’ਤੇ ਸਮਾਜ ਨੂੰ ਵੰਡ ਕੇ ਸਿਆਸੀ ਰੋਟੀਆਂ ਸੇਕ ਰਹੀਆਂ ਹਨ। ਉਨ੍ਹਾਂ ਸਿਆਸੀ ਪਾਰਟੀਆਂ ਨੂੰ ਵੀ ਧਰਮ ਨਿਰਪੱਖ ਸਿਆਸਤ ਕਰਨ ਤੇ ਲੋਕ ਭਲਾਈ ਲਈ ਅੱਗੇ ਆਉਣ ਦੀ ਅਪੀਲ ਕੀਤੀ।
‘ਕੌਣ ਬਣੇਗਾ ਪਿਆਰੇ ਦਾ ਪਿਆਰਾ’ ਮੁਕਾਬਲਾ ਕਰਵਾਇਆ
ਡੇਰਾਬੱਸੀ (ਅਤਰ ਸਿੰਘ): ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਡੇਰਾਬੱਸੀ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਈ ਗੁਰਦਿਆਲ ਸਿੰਘ ਦੀ ਅਗਵਾਈ ਹੇਠ ‘ਕੌਣ ਬਣੇਗਾ ਪਿਆਰੇ ਦਾ ਪਿਆਰਾ’ ਮੁਕਾਬਲਾ ਕਰਵਾਇਆ, ਬੱਚਿਆਂ ਦੇ ਉਤਸ਼ਾਹ ਅਤੇ ਧਾਰਮਿਕ ਸਮਰਪਣ ਨੂੰ ਦੇਖਦਿਆਂ ਗੁਰਦੁਆਰਾ ਕਮੇਟੀ ਵੱਲੋਂ ਉਨ੍ਹਾਂ ਦੀ ਹੌਸਲਾ-ਅਫਜ਼ਾਈ ਕੀਤੀ ਗਈ। ਸਮਾਗਮ ਦੌਰਾਨ ਅਮ੍ਰਿਤਪਾਲ ਸਿੰਘ, ਰਵਿੰਦਰ ਪਾਲ ਸਿੰਘ, ਭਾਈ ਸੁਖਚੈਨ ਸਿੰਘ ਗੋਪਾਲਾ, ਸਤਵਿੰਦਰ ਸਿੰਘ, ਰਣਧੀਰ ਸਿੰਘ, ਬੀਬੀ ਸਿਮਰਨ ਕੌਰ ਅਤੇ ਬੀਬੀ ਸੁਰਿੰਦਰ ਕੌਰ ਨੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਸਾਰੇ ਬੱਚਿਆਂ ਨੂੰ ਸਨਮਾਨਿਤ ਕੀਤਾ। ਮੁਕਾਬਲੇ ਵਿੱਚ ਦਿਵਨੀਤ ਕੌਰ ਨੇ ਪਹਿਲਾ ਸਥਾਨ, ਅਲੋਕ ਯਾਦਵ ਨੇ ਦੂਜਾ ਸਥਾਨ ਅਤੇ ਹਰਨੂਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਤਪੋਬਨ ਢੱਕੀ ਸਾਹਿਬ ’ਚ ਖ਼ੂਨਦਾਨ ਕੈਂਪ
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਤਪੋਬਨ ਢੱਕੀ ਸਾਹਿਬ ਵਿਖੇ ਸੰਤ ਦਰਸ਼ਨ ਸਿੰਘ ਅਤੇ ਮੁੱਖ ਸੇਵਾਦਾਰ ਗਿਆਨੀ ਬਾਬਾ ਗੁਰਦੀਪ ਸਿੰਘ ਦੀ ਅਗਵਾਈ ਵਿੱਚ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੈਪ ਵਿੱਚ 450 ਵਿਅਕਤੀਆਂ ਨੇ ਖ਼ੂਨਦਾਨ ਕੀਤਾ। ਪ੍ਰਬੰਧਕਾਂ ਵੱਲੋਂ ਡਾ. ਲਾਲ ਅਤੇ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ ਮਹਿਰਾ, ਸੂਬਾ ਪ੍ਰੈਸ ਸਕੱਤਰ ਗੁਰਦੀਪ ਸਿੰਘ ਭਾਗਨਪੁਰ, ਬਲਦੇਵ ਸਿੰਘ ਚੋਰਵਾਲਾਂ ਅਤੇ ਮਨਪ੍ਰੀਤ ਸਿੰਘ ਗੰਢੂਆਂ ਹਾਜ਼ਰ ਸਨ।

