ਹਾਂਸੀ-ਬੁਟਾਣਾ ਨਹਿਰ ਦੇ ਮਾਮਲੇ ’ਤੇ ਸੈਣੀ ਨੂੰ ਮਿਲਿਆ ਵਫ਼ਦ
ਪੰਜਾਬ ਹਰਿਆਣਾ ਦੀ ਹੱਦ ਤੋਂ ਲੰਘਦੀ ਹਾਂਸੀ-ਬੁਟਾਣਾ ਵਿਵਾਦਿਤ ਨਹਿਰ ਖ਼ਿਲਾਫ਼ ਹੜ ਪੀੜਤ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਲਾਏ ਪੱਕੇ ਮੋਰਚੇ ਦੇ ਵਫਦ ਵੱਲੋਂ ਲੰਘੀ ਸ਼ਾਮ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕੋਲ ਚੰਡੀਗੜ ਜਾ ਕੇ ਮਿਲਣੀ ਕੀਤੀ ਤੇ ਮਸਲੇ ਸਬੰਧੀ ਮੰਗ ਪੱਤਰ ਵੀ ਸੌਂਪਿਆ।
ਮੁੱਖ ਮੰਤਰੀ ਹਰਿਆਣਾ ਨੇ ਹੜ੍ਹ ਤੋਂ ਪੀੜਤ ਇਸ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਜਲਦੀ ਮਸਲੇ ਦਾ ਪੱਕਾ ਹੱਲ ਕਰਨਗੇ ਤੇ ਬਕਾਇਦਾ ਹਾਂਸੀ ਬੁਟਾਣਾ ਨਹਿਰ ਦੇ ਹੈੱਡ ਦਾ ਦੌਰਾ ਵੀ ਕਰਨਗੇ| ਇਸ ਵਫਦ ਦੀ ਅਗਵਾਈ ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਪਰਨੀਤ ਕੌਰ ਨੇ ਕੀਤੀ। ਦੱਸਣਯੋਗ ਹੈ ਕਿ ਇਸ ਨਹਿਰ ਕਾਰਨ ਇਲਾਕੇ ਦੇ ਕਈ ਪਿੰਡ ਪਿਛਲੇ ਕਈ ਸਾਲਾਂ ਤੋਂ ਹੜ੍ਹਾਂ ਦੀ ਲਪੇਟ ’ਚ ਆ ਰਹੇ ਹਨ। ਆਖਿਰ ਅੱਕੇ ਹੋਏ ਲੋਕਾਂ ਵੱਲੋਂ ਹੜ੍ਹ ਪੀੜਤ ਸੰਘਰਸ਼ ਕਮੇਟੀ ਕਾਇਮ ਕਰਕੇ ਸੈਂਟਰਲ ਪੈਂਦੇ ਪਿੰਡ ਧਰਮਹੇੜੀ ਵਿਖੇ ਪੱਕਾ ਮੋਰਚਾ ਲਾਇਆ ਹੋਇਆ ਹੈ, ਜੋ ਜਾਰੀ ਹੈ। ਵਫ਼ਦ ’ਚ ਭਾਜਪਾ ਦੇ ਜ਼ਿਲ੍ਹਾ ਦੱਖਣੀ ਪ੍ਰਧਾਨ ਹਰਮੇਸ਼ ਗੋਇਲਾ ਡਕਾਲਾ, ਕਸ਼ਮੀਰ ਸਿੰਘ, ਹਰਚਰਨ ਸਿੰਘ ਢੀਂਡਸਾ, ਹਰਭਜਨ ਸਿੰਘ ਚੱਠਾ, ਪਾਲ ਸਿੰਘ ਨੰਬਰਦਾਰ, ਨਿਸ਼ਾਨ ਸਿੰਘ ਚੀਮਾ, ਸੁਖਦੇਵ ਸਿੰਘ, ਜਗਮੇਲ ਸਿੰਘ ਤੇ ਧਰਮਿੰਦਰ ਸਿੰਘ ਸ਼ਾਮਲ ਸਨ।
ਉਧਰ ਪਿੰਡ ਧਰਮਹੇੜੀ ਵਿੱਚ ਇਸ ਮਸਲੇ ਦੇ ਹੱਲ ਤੱਕ ਪਿਛਲੇ ਦਿਨਾਂ ਤੋਂ ਆਰੰਭਿਆ ਪੱਕਾ ਮੋਰਚਾ ਅੱਜ ਵੀ ਜਾਰੀ ਰਿਹਾ, ਜਿਸ ’ਚ ਇਲਾਕੇ ਦੀਆਂ ਸਮਾਜ ਸੇਵੀ, ਰਾਜਸੀ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ|