ਇੱਥੋਂ ਦੇ ਰਾਦੌਰ ਹਲਕੇ ਵਿੱਚ ਹੋਏ ਇੱਕ ਵਿਅਕਤੀ ਦੇ ਕਤਲ ਮਾਮਲੇ ਵਿੱਚ ਖੁਲਾਸਾ ਹੋਇਆ ਹੈ, ਜਿਸ ਵਿੱਚ ਨੂੰਹ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਸਹੁਰੇ ਦਾ ਗਲਾ ਵੱਢ ਕੇ ਕਤਲ ਕੀਤਾ ਸੀ।
12 ਸਤੰਬਰ ਨੂੰ ਯਮੁਨਾਨਗਰ ਦੇ ਰਾਦੌਰ ਇਲਾਕੇ ਵਿੱਚ ਇਕ 65 ਸਾਲਾ ਵਿਅਕਤੀ ਦੀ ਲਾਸ਼ ਮਿਲਣ ਕਾਰਨ ਪੂਰੇ ਇਲਾਕਾ ਸਹਿਮ ਗਿਆ। ਸੂਚਨਾ ਮਿਲਦੇ ਹੀ ਪੁਲੀਸ ਅਤੇ ਸੀ.ਆਈ.ਏ. ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ। ਸਾਹਮਣੇ ਆਈ ਸੱਚਾਈ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਮ੍ਰਿਤਕ ਦੀ ਨੂੰਹ ਲਲਿਤਾ ਨੇ ਆਪਣੇ ਪ੍ਰੇਮੀ ਕਰਤਾਰ ਨਾਲ ਮਿਲ ਕੇ ਕਤਲ ਦੀ ਸਾਜ਼ਿਸ਼ ਰਚੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੂੰ ਦੋਹਾਂ ਦੇ ਨਾਜਾਇਜ਼ ਸਬੰਧਾਂ ਦੀ ਭਿਣਕ ਲਗ ਗਈ ਸੀ। ਇਹ ਡਰ ਲਲਿਤਾ ਅਤੇ ਉਸ ਦੇ ਪ੍ਰੇਮੀ ਨੂੰ ਸਤਾਉਂਦਾ ਸੀ, ਜਿਸ ਨੂੰ ਦੂਰ ਕਰਨ ਲਈ, ਉਨ੍ਹਾਂ ਨੇ ਇੱਕ ਭਿਆਨਕ ਯੋਜਨਾ ਬਣਾਈ ਅਤੇ ਉਸ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਡੀ.ਐੱਸ.ਪੀ. ਰਜਤ ਗੁਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲੀਸ ਟੀਮ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕੀਤੀ ਅਤੇ ਕਥਿਤ ਦੋਸ਼ੀ ਲਲਿਤ ਅਤੇ ਉਸ ਦੇ ਪ੍ਰੇਮੀ ਕਰਤਾਰ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਤੇ ਉਨ੍ਹਾਂ ਨੂੰ ਰਿਮਾਂਡ ’ਤੇ ਲੈ ਲਿਆ ਗਿਆ। ਪੁਲੀਸ ਅੱਗੇ ਪੜਤਾਲ ਕਰ ਰਹੀ ਹੈ ਤਾਂ ਜੋ ਕਤਲ ਦੀ ਸਾਜ਼ਿਸ਼ ਅਤੇ ਘਟਨਾ ਨਾਲ ਜੁੜੇ ਸਾਰੇ ਭੇਦ ਸਾਹਮਣੇ ਆ ਸਕਣ। ਫਿਲਹਾਲ ਪੁਲੀਸ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ।