ਕੁਰੂਕਸ਼ੇਤਰ ਦੇ ਸੈਕਟਰ-10 ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਫਿੱਟ ਇੰਡੀਆ ਮੁਹਿੰਮ ਤਹਿਤ ਸਾਈਕਲ ਰੈਲੀ ਕੀਤੀ ਗਈ ਜਿਸ ਨੂੰ ਕੌਮਾਂਤਰੀ ਵਾਲੀਬਾਲ ਖਿਡਾਰੀ ਬਲਵਾਨ ਸਿੰਘ, ਸਪੋਰਟਸ ਟ੍ਰੇਨਿੰਗ ਆਫ ਇੰਡੀਆ ਦੇ ਸਹਾਇਕ ਡਾਇਰੈਕਟਰ ਬਾਬੂ ਰਾਮ ਰਾਵਲ, ਸੀਨੀਅਰ ਕੋਚ ਕੁਲਦੀਪ ਸਿੰਘ ਵੜੈਚ, ਸਾਬਕਾ ਜ਼ਿਲ੍ਹਾ ਖੇਡ ਅਧਿਕਾਰੀ ਯਸ਼ਵੀਰ ਸਿੰਘ, ਸਾਬਕਾ ਹਾਕੀ ਕੋਚ ਗੁਰਵਿੰਦਰ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਖਿਡਾਰੀ ਬਲਵਾਨ ਸਿੰਘ ਨੇ ਕਿਹਾ ਕਿ ਹਰ ਕਿਸੇ ਨੂੰ ਸਾਈਕਲਿੰਗ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਜੋ ਵਿਅਕਤੀ ਰੋਜ਼ਾਨਾ ਸਾਈਕਲ ਚਲਾਉਂਦਾ ਹੈ ਉਹ ਹਮੇਸ਼ਾ ਸਿਹਤਮੰਦ ਰਹੇਗਾ। ਉਨ੍ਹਾਂ ਕਿਹਾ ਕਿ ਇਹ ਸਾਈਕਲ ਰੈਲੀ ਦਰੋਣਾਚਾਰੀਆ ਚੌਕ, ਸ਼ਹੀਦ ਊਧਮ ਸਿੰਘ ਤੇ ਸਰਕਟ ਹਾਊਸ ਤੋਂ ਹੁੰਦੀ ਹੋਈ ਜਿੰਦਲ ਚੌਕ ਰਾਹੀਂ ਵਾਪਸ ਸਾਈ ਕੁਰੂਕਸ਼ੇਤਰ ਵਿੱਚ ਸਮਾਪਤ ਹੋਈ। ਸਹਾਇਕ ਨਿਰਦੇਸ਼ਕ ਬਾਬੂ ਰਾਮ ਰਾਵਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨਾਇਬ ਸਿੰਘ ਦੇ ਯਤਨਾਂ ਸਦਕਾ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਉਨ੍ਹਾਂ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰੱਖਿਆ ਜਾ ਸਕੇ। ਜ਼ਿਲ੍ਹਾ ਖੇਡ ਅਧਿਕਾਰੀ ਮਨੋਜ ਕੁਮਾਰ ਨੇ ਕਿਹਾ ਕਿ ਇਸ ਰੈਲੀ ਪ੍ਰਤੀ ਨੌਜਵਾਨਾਂ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸਾਈ ਵਲੋਂ ਅਜਿਹੇ ਪ੍ਰੋਗਰਾਮ ਲਗਾਤਾਰ ਕੀਤੇ ਜਾ ਰਹੇ ਹਨ। ਸੇਵਾ ਮੁਕਤ ਹਾਕੀ ਕੋਚ ਗੁਰਵਿੰਦਰ ਸਿੰਘ ਨੇ ਕਿਹਾ ਕਿ ਸਾਈ ਵਲੋਂ ਵੱਖ ਵੱਖ ਸਮੇਂ ’ਤੇ ਪ੍ਰੋਗਰਾਮਾਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਇਕ ਨਵਾਂ ਮੰਚ ਮਿਲ ਰਿਹਾ ਹੈ।
ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਹਾਕੀ ਕੋਚ ਨਰਿੰਦਰ ਸਿੰਘ, ਹਾਕੀ ਕੋਚ ਸੋਹਨ ਲਾਲ, ਵਾਲੀਬਾਲ ਕੋਚ ਰਾਹੁਲ ਸਾਂਗਵਾਨ ਤੇ ਸਾਈਕਲਿੰਗ ਕੋਚ ਕੋਮਲ ਸ਼ਰਮਾ ਦਾ ਵਿਸ਼ੇਸ਼ ਸਹਿਯੋਗ ਰਿਹਾ।

