‘ਤਿਲਕ ਰਾਜ ਚੱਢਾ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ’ ਵਿੱਚ ਮਹਿਲਾ ਸੈੱਲ ਅਤੇ ਸੱਭਿਆਚਾਰਕ ਕਲੱਬ ਦੇ ਸਾਂਝੇ ਪ੍ਰਬੰਧ ਹੇਠ ਤੀਆਂ ਦੇ ਤਿਉਹਾਰ ਮੌਕੇ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਦਾ ਉਦੇਸ਼ ਭਾਰਤੀ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਣਾ ਅਤੇ ਵਿਦਿਆਰਥੀਆਂ ਨੂੰ ਸੱਭਿਆਚਾਰਕ ਸਮਝ ਪ੍ਰਦਾਨ ਕਰਨਾ ਸੀ।
ਸਮਾਗਮ ਦੀ ਸ਼ੁਰੂਆਤ ਦੀਪ ਜਗਾ ਕੇ ਹੋਈ ਜਿਸ ਤੋਂ ਬਾਅਦ ਦੋਵਾਂ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਕੀਤੇ ਗਏ। ਹਰਿਆਲੀ ਤੀਜ ਸਮਾਰੋਹ ਦੇ ਤਹਿਤ ਚਾਰ ਮੁੱਖ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਰੰਗ-ਏ-ਹਿਨਾ (ਮਹਿੰਦੀ ਮੁਕਾਬਲਾ) ਵਿੱਚ ਵਿਦਿਆਰਥੀਆਂ ਨੇ ਰਵਾਇਤੀ ਅਤੇ ਰਚਨਾਤਮਕ ਡਿਜ਼ਾਈਨਾਂ ਰਾਹੀਂ ਆਪਣੇ ਮਹਿੰਦੀ ਲਗਾਊਣ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ।
ਰੰਗ-ਏ-ਰਿਵਾਜ਼ (ਫੈਸ਼ਨ ਸ਼ੋਅ) ਵਿੱਚ, ਵਿਦਿਆਰਥੀਆਂ ਨੇ ਲਹਿੰਗਾ, ਸਾੜੀ, ਕੁੜਤਾ-ਪਜਾਮਾ ਅਤੇ ਪੱਗ ਵਰਗੇ ਰਵਾਇਤੀ ਤੀਜ ਪਹਿਰਾਵੇ ਪਹਿਨੇ ਅਤੇ ਭਾਰਤੀ ਸੱਭਿਆਚਾਰ ਦੀ ਵਿਭਿੰਨਤਾ ਨੂੰ ਪ੍ਰਦਰਸ਼ਿਤ ਕੀਤਾ। ਰੰਗ-ਏ-ਰਚਨਾ (ਕਵਿਤਾ ਮੁਕਾਬਲਾ) ਵਿਦਿਆਰਥੀਆਂ ਨੇ ਤੀਜ, ਕੁਦਰਤ, ਮਹਿਲਾ ਸਸ਼ਕਤੀਕਰਨ, ਪਿਆਰ ਅਤੇ ਹਰਿਆਲੀ ਨਾਲ ਸਬੰਧਤ ਵਿਸ਼ਿਆਂ ’ਤੇ ਸੁੰਦਰ ਕਵਿਤਾਵਾਂ ਪੇਸ਼ ਕੀਤੀਆਂ। ਰੰਗ-ਏ-ਹਰਿਆਲੀ (ਰੰਗੋਲੀ ਮੁਕਾਬਲਾ) ਵਿੱਚ ਵਿਦਿਆਰਥੀਆਂ ਨੇ ਕੈਂਪਸ ਵਿੱਚ ਕਈ ਤਰ੍ਹਾਂ ਦੀ ਰੰਗੋਲੀ ਕੀਤੀ। ਮੁਕਾਬਲਿਆਂ ’ਚ ਭਾਗ ਲੈਣ ਵਾਲਿਆਂ ਨੇ ਕੁਦਰਤੀ ਰੰਗਾਂ ਅਤੇ ਰਵਾਇਤੀ ਆਕਾਰਾਂ ਦੀ ਵਰਤੋਂ ਕਰਕੇ ਰੰਗਾਂ ਰਾਹੀਂ ਆਪਣੇ ਵਿਚਾਰ ਪੇਸ਼ ਕੀਤੇ। ਅਖ਼ੀਰ ਵਿੱਚ ਸਾਰੇ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਡਾਇਰੈਕਟਰ ਡਾ. ਵਿਕਾਸ ਦਰਿਆਲ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਅਜਿਹੇ ਮੁਕਾਬਲੇ ਅਤੇ ਸਮਾਗਮ ਵਿਦਿਆਰਥੀਆਂ ਦੇ ਮਨੋਬਲ ਨੂੰ ਵਧਾਉਂਦੇ ਹਨ।