ਸੀ ਟੀ ਯੂ ਵੱਲੋਂ 15 ਸਾਲ ਪੁਰਾਣੀਆਂ ਬੱਸਾਂ ਬੰਦ ਕਰਨ ਦੀ ਤਿਆਰੀ
ਪ੍ਰਧਾਨ ਮੰਤਰੀ ਈ-ਬੱਸ ਸੇਵਾ ਯੋਜਨਾ ਤਹਿਤ ਫਰਵਰੀ ਤੱਕ ਮਿਲਣਗੀਆਂ 100 ਨਵੀਆਂ ਬੱਸਾਂ
ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਵੱਲੋਂ 19 ਨਵੰਬਰ ਤੋਂ 15 ਸਾਲ ਦੀ ਮਿਆਦ ਪੁਗਾਉਣ ਚੁੱਕੀਆਂ 85 ਬੱਸਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਸੀ ਟੀ ਯੂ ਨੂੰ ਪ੍ਰਧਾਨ ਮੰਤਰੀ ਈ-ਬੱਸ ਸੇਵਾ ਯੋਜਨਾ ਤਹਿਤ 100 ਇਲੈੱਕਟ੍ਰਿਕ ਬੱਸਾਂ ਮਿਲਣਗੀਆਂ, ਜੋ ਕਿ ਚੰਡੀਗੜ੍ਹ ਟਰਾਂਸਪੋਰਟ ਵਿੱਚ ਜ਼ਿਆਦਾਤਰ ਬੱਸਾਂ ਨੂੰ ਇਲੈੱਕਟ੍ਰਿਕ ਕਰਨ ਵਿੱਚ ਕਾਰਗਰ ਸਾਬਤ ਹੋਣਗੀਆਂ। ਸੀ ਟੀ ਯੂ ਦੇ ਅਧਿਕਾਰੀ ਨੇ ਕਿਹਾ ਕਿ ਸੀ ਟੀ ਯੂ ਨੇ ਸਾਲ 2010 ਵਿੱਚ ਜੇ ਐੱਨ ਐੱਨ ਯੂ ਆਰ ਐੱਮ ਸਕੀਮ ਤਹਿਤ 100 ਬੱਸਾਂ ਖਰੀਦੀਆਂ ਸਨ। ਇਨ੍ਹਾਂ ਵਿੱਚੋਂ 85 ਬੱਸਾਂ ਦੀ 15 ਸਾਲ ਦੀ ਮਿਆਦ ਪੁਰੀ ਹੋ ਗਈ ਹੈ, ਜਿਸ ਕਰਕੇ ਸੀ ਟੀ ਯੂ ਵੱਲੋਂ 19 ਨਵੰਬਰ ਨੂੰ ਮਿਆਦ ਪੁਗਾ ਚੁੱਕੀਆਂ 85 ਬੱਸਾਂ ਨੂੰ ਚਲਾਉਣਾ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 85 ਬੱਸਾਂ ਨੂੰ ਬੰਦ ਕਰਨ ਤੋਂ ਬਾਅਦ ਸੀ ਟੀ ਯੂ ਨੂੰ ਪ੍ਰਧਾਨ ਮੰਤਰੀ ਈ-ਬੱਸ ਸੇਵਾ ਸਕੀਮ ਤਹਿਤ 100 ਇਲੈੱਕਟ੍ਰਿਕ ਬੱਸਾਂ ਮਿਲਣਗੀਆਂ। ਇਸ ਲਈ ਬੱਸਾਂ ਸਪਲਾਈ ਕਰਨ ਲਈ ਕੰਪਨੀ ਨਾਲ ਸਮਝੌਤਾ ਹੋ ਚੁੱਕਿਆ ਹੈ, ਜਿਸ ਵੱਲੋਂ ਨਵੰਬਰ ਦੇ ਆਖੀਰ ਤੱਕ 25 ਇਲੈੱਕਟ੍ਰਿਕ ਬੱਸਾਂ, ਦਸੰਬਰ ਦੇ ਅਖ਼ੀਰ ਤੱਕ 25 ਹੋਰ ਅਤੇ ਜਨਵਰੀ-ਫਰਵਰੀ 2026 ਤੱਕ 50 ਹੋਰ ਇਲੈੱਕਟ੍ਰਿਕ ਬੱਸਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸੀ ਟੀ ਯੂ ਦੇ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਬੱਸਾਂ ਨੂੰ ਯਾਤਰੀਆਂ ਨੂੰ ਬਿਹਤਰ ਸਹੂਲਤ ਦੇਣ ਲਈ ਬਦਲਿਆ ਜਾ ਰਿਹਾ ਹੈ। ਸੀ ਟੀ ਯੂ ਦੇ ਵਿਹੜੇ ਵਿੱਚ ਨਵੀਆਂ ਬੱਸਾਂ ਆਉਣ ਨਾਲ ਟਰਾਈਸਿਟੀ ਵਿੱਚ ਬੱਸ ਸੇਵਾ ਹੋਰ ਮਜ਼ਬੂਤ ਹੋ ਜਾਵੇਗੀ। ਇਸ ਤੋਂ ਇਲਾਵਾ ਲੰਬੇ ਰੂਟ ’ਤੇ ਵੀ ਨਵੀਂ ਅਤੇ ਇਲੈੱਕਟ੍ਰਿਕ ਬੱਸਾਂ ਚਲਾਈਆਂ ਜਾ ਸਕਣਗੀਆਂ।

