ਸ਼ਾਹਬਾਦ ਖੰਡ ਮਿੱਲ ’ਚ ਪਿੜਾਈ ਸ਼ੁਰੂ ਕਰਵਾਈ
ਵਿਕਸਤ ਭਾਰਤ ਦਾ ਸੰਕਲਪ ਪੂਰਾ ਕਰਨ ਦਾ ਅਹਿਦ; ਨਰਾਇਣਗੜ੍ਹ ’ਚ ਲੱਗੇਗੀ ਨਵੀਂ ਸਹਿਕਾਰੀ ਖੰਡ ਮਿੱਲ
ਹਰਿਆਣਾ ਦੇ ਸਹਿਕਾਰਤਾ, ਜੇਲ੍ਹ, ਵਿਰਾਸਤ ਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਅੱਜ ਸ਼ਾਹਬਾਦ ਸਹਿਕਾਰੀ ਖੰਡ ਮਿੱਲ ਦੇ 42ਵੇਂ ਪਿੜਾਈ ਸੀਜ਼ਨ ਦਾ ਆਨਲਾਈਨ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਲਈ ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਦੇਸ਼ ਭਰ ਵਿੱਚ 150 ਨਵੀਆਂ ਖੰਡ ਮਿੱਲਾਂ ਸਥਾਪਤ ਕਰਨ ਦਾ ਟੀਚਾ ਰੱਖਿਆ ਹੈ। ਇਸੇ ਲੜੀ ਤਹਿਤ ਨਰਾਇਣਗੜ੍ਹ ਵਿੱਚ ਵੀ ਇੱਕ ਨਵੀਂ ਸਹਿਕਾਰੀ ਖੰਡ ਮਿੱਲ ਸਥਾਪਤ ਕਰਨ ਲਈ ਕਾਰਵਾਈ ਜਾਰੀ ਹੈ।
ਡਾ. ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗੰਨਾ ਕਿਸਾਨਾਂ ਲਈ ਦੇਸ਼ ਵਿੱਚ ਸਭ ਤੋਂ ਵੱਧ ਗੰਨੇ ਦਾ ਭਾਅ ਐਲਾਨਿਆ ਹੈ। ਸੂਬੇ ਵਿੱਚ ਅਗੇਤੀਆਂ ਕਿਸਮਾਂ ਲਈ 415 ਰੁਪਏ ਪ੍ਰਤੀ ਕੁਇੰਟਲ ਅਤੇ ਪਛੇਤੀਆਂ ਕਿਸਮਾਂ ਲਈ 408 ਰੁਪਏ ਪ੍ਰਤੀ ਕੁਇੰਟਲ ਭਾਅ ਨਿਰਧਾਰਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਮੁੱਖ ਮੰਤਰੀ ਨਾਲ ਮਿਲ ਕੇ ਗੰਨਾ ਕਿਸਾਨਾਂ ਲਈ ਹੋਰ ਪ੍ਰੋਤਸਾਹਨ ਯੋਜਨਾਵਾਂ ਸ਼ੁਰੂ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਮਿੱਲ ਪ੍ਰਬੰਧਨ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਕੋਈ ਮੁਸ਼ਕਲ ਨਾ ਆਉਣ ਦਿੱਤੀ ਜਾਵੇ।
ਉਦਘਾਟਨ ਮੌਕੇ ਸਭ ਤੋਂ ਪਹਿਲਾਂ ਗੰਨਾ ਲੈ ਕੇ ਆਉਣ ਵਾਲੇ ਦੋ ਕਿਸਾਨਾਂ ਨੂੰ ਮੰਚ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਵੀ ਸ਼ਿਰਕਤ ਕੀਤੀ ਅਤੇ ਸ਼ਾਹਬਾਦ ਮਿੱਲ ਨੂੰ ਸੂਬੇ ਦੀਆਂ ਬਿਹਤਰੀਨ ਮਿੱਲਾਂ ਵਿੱਚੋਂ ਇੱਕ ਦੱਸਿਆ। ਇਸ ਮੌਕੇ ਸੰਸਦ ਮੈਂਬਰ ਨਵੀਨ ਜਿੰਦਲ ਨੇ ਮਿੱਲ ਦਾ ਨਿਰੀਖਣ ਕੀਤਾ ਅਤੇ ਆਫ ਸੀਜ਼ਨ ਦੌਰਾਨ ਮਿੱਲ ਦੇ ਪਾਵਰ ਪਲਾਂਟ ਨੂੰ ਚਲਾ ਕੇ ਵਾਧੂ ਆਮਦਨ ਪੈਦਾ ਕਰਨ ਦੇ ਸੁਝਾਅ ਦਿੱਤੇ।
ਜਿੰਦਲ ਨੇ ਇਸ ਮੌਕੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨਾਲ ਵੀ ਮੁਲਾਕਾਤ ਕੀਤੀ ਅਤੇ ਭਰੋਸਾ ਦਿਵਾਇਆ ਕਿ ਕਿਸਾਨਾਂ ਦੀ ਭਲਾਈ ਨਾਲ ਜੁੜੇ ਮਸਲਿਆਂ ਲਈ ਉਨ੍ਹਾਂ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਸਮਾਗਮ ਦੌਰਾਨ ਹਲਕਾ ਵਿਧਾਇਕ ਰਾਮ ਕਰਣ ਕਾਲਾ, ਗੁਲਸ਼ਨ ਕਵਾਤਰਾ, ਮਿੱਲ ਦੇ ਐੱਮ ਡੀ ਪ੍ਰਦੀਪ ਅਹਿਲਾਵਤ, ਮਾਰਕੀਟ ਕਮੇਟੀ ਦੇ ਚੇਅਰਮੈਨ ਕਰਨਰਾਜ ਸਿੰਘ ਤੂਰ, ਵਾਈਸ ਚੇਅਰਮੈਨ ਤਰਲੋਚਨ ਹਾਂਡਾ, ਬਲਦੇਵ ਰਾਜ ਚਾਵਲਾ, ਸੁਦਰਸ਼ਨ ਕੱਕੜ, ਬਲਦੇਵ ਰਾਜ ਸੇਠੀ, ਮੁਲਖ ਰਾਜ ਗੁੰਬਰ, ਕਰਨਪ੍ਰਤਾਪ ਬੇਦੀ, ਸਰਬਜੀਤ ਸਿੰਘ ਕਲਸਾਣੀ ਅਤੇ ਤਿਲਕ ਰਾਜ ਅਗਰਵਾਲ ਸਮੇਤ ਕਈ ਪਤਵੰਤੇ ਹਾਜ਼ਰ ਸਨ।

