ਨਗਰ ਕੌਂਸਲ ਮੀਟਿੰਗ ’ਚ ਧਰਨੇ ’ਤੇ ਬੈਠੇ ਕੌਂਸਲਰ
ਇੱਥੇ ਨਗਰ ਕੌਂਸਲ ਦੇ ਪ੍ਰਧਾਨ ਅੰਜੂ ਚੰਦਰ ਦੀ ਅਗਵਾਈ ’ਚ ਹੋਈ ਮੀਟਿੰਗ ਦੌਰਾਨ ਕਈ ਕੌਂਸਲਰ ਧਰਨੇ ’ਤੇ ਬੈਠ ਗਏ, ਜਿਸ ਕਾਰਨ ਮੀਟਿੰਗ ਰੱਦ ਕਰ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਕੌਂਸਲਰਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਵਾਰਡਾਂ ਦੇ ਕੰਮ...
ਇੱਥੇ ਨਗਰ ਕੌਂਸਲ ਦੇ ਪ੍ਰਧਾਨ ਅੰਜੂ ਚੰਦਰ ਦੀ ਅਗਵਾਈ ’ਚ ਹੋਈ ਮੀਟਿੰਗ ਦੌਰਾਨ ਕਈ ਕੌਂਸਲਰ ਧਰਨੇ ’ਤੇ ਬੈਠ ਗਏ, ਜਿਸ ਕਾਰਨ ਮੀਟਿੰਗ ਰੱਦ ਕਰ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਕੌਂਸਲਰਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਵਾਰਡਾਂ ਦੇ ਕੰਮ ਅੱਜ ਦੇ ਏਜੰਡੇ ਵਿੱਚ ਨਹੀਂ ਪਾਏ ਗਏ ਤਾਂ ਉਨ੍ਹਾਂ ਇਸ ਦਾ ਤਿੱਖਾ ਵਿਰੋਧ ਕੀਤਾ ਅਤੇ ਕੁਝ ਕੌਂਸਲਰ ਜ਼ਮੀਨ ’ਤੇ ਬੈਠ ਗਏ।
ਵਾਰਡ ਨੰਬਰ ਚਾਰ ਦੇ ਕੌਂਸਲਰ ਗੋਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਪਹਾੜਾਂ ਵਿੱਚ 18 ਦਿਨ ਸੰਤਾਪ ਕੱਟ ਕੇ ਨਵਾਂ ਪ੍ਰਧਾਨ ਬਣਾਇਆ ਸੀ ਕਿ ਉਨ੍ਹਾਂ ਦੇ ਕੰਮ ਹੋਣਗੇ ਪਰ ਕੁਝ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਹੁਣ ਤੱਕ 10 ਮਾਰਚ ਦੀ ਮੀਟਿੰਗ ’ਚ ਪਾਸ ਏਜੰਡੇ ਵੀ ਲਾਗੂੁ ਨਹੀਂ ਹੋਏ। ਕੌਂਸਲਰ ਗੁਰਜੀਤ ਸਿੰਘ ਗੱਗੀ ਨੇ ਕਿਹਾ ਕਿ ਪਿੰਡ ਖੂਨੀ ਮਾਜਰਾ ਦਾ ਮੰਦਾ ਹਾਲ ਹੈ। ਕਈ ਕੌਂਸਲਰਾਂ ਨੇ ਵਾਰਡਾਂ ਦੇ ਕੰਮਾਂ ਸਬੰਧੀ ਪ੍ਰਧਾਨ ਤੇ ਈਓ ਨੂੰ ਉਲਾਂਭੇ ਦਿੱਤੇ।
ਨਗਰ ਕੌਂਸਲ ਦੇ ਅਧਿਕਾਰੀਆਂ ਨੇ ਵਿਧਾਇਕਾ ਅਨਮੋਲ ਗਗਨ ਮਾਨ ਲਈ ਵੀ ਵਿਸ਼ੇਸ਼ ਕੁਰਸੀ ਲਾਈ ਗਈ ਸੀ ਪਰ ਮੀਟਿੰਗ ਵਿੱਚ ਮਾਹੌਲ ਭਖ਼ਣ ’ਤੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਸੁਖਦੇਵ ਸਿੰਘ ਨੇ ਮੋਬਾਈਲ ਫੋਨ ’ਤੇ ਉਨ੍ਹਾਂ ਦੀ ਕੌਂਸਲਰਾਂ ਨਾਲ ਕਰਵਾਈ ਤਾਂ ਵਿਧਾਇਕਾ ਨੇ ਕਿਹਾ ਕਿ ਉਹ ਮੀਟਿੰਗ ਵਿੱਚ ਪਹੁੰਚ ਰਹੀ ਸੀ ਪਰ ਵਿਵਾਦ ਪਤਾ ਲੱਗਣ ’ਤੇ ਵਾਪਸ ਆਪਣੇ ਦਫ਼ਤਰ ਚਲੀ ਗਈ। ਵਿਧਾਇਕਾ ਨੇ ਕਿਹਾ ਕਿ ਹਲਕੇ ਦੇ ਵਿਕਾਸ ਕਾਰਜ ਜਲਦੀ ਕਰਵਾ ਦਿੱਤੇ ਜਾਣਗੇ। ਇਸ ਦੌਰਾਨ ਕੌਂਸਲਰ ਮਨਪ੍ਰੀਤ ਸਿੰਘ ਮੰਨਾ ਅਤੇ ਵਿਧਾਇਕਾ ਅਨਮੋਲ ਗਗਨ ਮਾਨ ਵਿਚਾਲੇ ਵਿਕਾਸ ਕਾਰਜਾਂ ਦੇ ਮੁੱਦੇ ’ਤੇ ਬਹਿਸ ਵੀ ਹੋਈ। ਕੌਂਸਲਰ ਨੇ ਮੀਟਿੰਗਾਂ ’ਚ ਦੇਰੀ ’ਤੇ ਵੀ ਇਤਰਾਜ਼ ਜਤਾਇਆ।

