ਭਾਜਪਾ ਰਾਜ ’ਚ ਭ੍ਰਿਸ਼ਟਾਚਾਰ ਤੇ ਗੁੰਡਾਗਰਦੀ ਦਾ ਬੋਲਬਾਲਾ: ਵਰਿੰਦਰ
ਇੱਥੇ ਜ਼ਿਲ੍ਹਾ ਕਾਂਗਰਸ ਕਮੇਟੀ ਜੀਂਦ ਵੱਲੋਂ ਸਫੀਦੋਂ ਰੋਡ ਸਥਿਤ ਸੰਤ ਸ਼੍ਰੋਮਣੀ ਰਵੀਦਾਸ ਧਰਮਸ਼ਾਲਾ ਵਿੱਚ ਲਗਾਏ ਗਏ ਖੂਨਦਾਨ ਕੈਂਪ ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਕਾਰਜਕਾਲ ਵੇਲੇ ਰਹੇ ਸਿਆਸੀ ਸਲਾਹਕਾਰ ਪ੍ਰੋ. ਵਰਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ, ਜਦੋਂ ਕਿ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਿਸ਼ੀਪਾਲ ਹੈਬਤਪੁਰ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਇਸ ਕੈਂਪ ਵਿੱਚ ਪ੍ਰਧਾਨ ਰਿਸ਼ੀਪਾਲ ਸਮੇਤ 100 ਤੋਂ ਵੱਧ ਲੋਕਾਂ ਨੇ ਖੂਨਦਾਨ ਕੀਤਾ। ਕੈਂਪ ਵਿੱਚ ਹਾਜ਼ਰ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਪ੍ਰੋ. ਵਰਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਕਾਰਜਕਾਲ ਵਿੱਚ ਹੋਏ ਲੋਕ ਪੱਖੀ ਫ਼ੈਸਲੇ ਅਤੇ ਵਿਕਾਸ ਕੰਮਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਜਿੱਥੇ ਹਰਿਆਣਾ ਖੁਸ਼ਹਾਲ ਸੀ ਅਤੇ ਵਿਕਾਸ ਵੱਲ ਵੱਧ ਰਿਹਾ ਸੀ, ਉੱਥੇ ਹੁਣ ਭਾਜਪਾ ਦੇ ਸਾਸ਼ਨ ਕਾਲ ਵਿੱਚ ਹਰਿਆਣਾ ਵਿੱਚ ਡਰ, ਭ੍ਰਿਸ਼ਟਾਚਾਰ ਅਤੇ ਗੁੰਡਾਗਰਦੀ ਦਾ ਬੋਲਬਾਲਾ ਹੈ। ਮਹਿੰਗਾਈ, ਬੇਰੋਜ਼ਗਾਰੀ, ਬਿਜਲੀ, ਪਾਣੀ ਵਰਗੀਆਂ ਮੂਲ ਸੁਵਿਧਾਵਾਂ ਲਈ ਹਰਿਆਣਾ ਵਾਸੀਆਂ ਨੂੰ ਤਰਸਨਾ ਪੈ ਰਿਹਾ ਹੈ। ਜ਼ਿਲ੍ਹਾ ਪ੍ਰਧਾਨ ਰਿਸ਼ੀਪਾਲ ਹੈਬਤਪੁਰ ਨੇ ਲੋਕਾਂ ਨੂੰ ਖੂਨਦਾਨ ਕਰਨ ਪ੍ਰਤੀ ਸੰਦੇਸ਼ ਦਿੰਦਿਆਂ ਕਿਹਾ ਕਿ ਹਰ ਨੌਜਵਾਨ ਨੂੰ ਲਗਾਤਾਰ ਖੂਨਦਾਨ ਕਰਦੇ ਰਹਿਣਾ ਚਾਹੀਦਾ ਹੈ, ਤਾਂ ਜੋ ਕਿਸੇ ਲੌੜਵੰਦ ਵਿਅਕਤੀ ਦੀ ਜਾਨ ਬਚਾਈ ਜਾ ਸਕੇ।