ਪੱਤਰ ਪ੍ਰੇਰਕ ਸ਼ਾਹਬਾਦ ਮਾਰਕੰਡਾ, 20 ਨਵੰਬਰ ਸ੍ਰੀ ਕ੍ਰਿਸ਼ਨ ਆਯੂਸ਼ ਯੂਨੀਵਰਸਿਟੀ ਕੁਰੂਕਸ਼ੇਤਰ ਵਿੱਚ ਕੁਦਰਤੀ ਇਲਾਜ ਦਿਵਸ ਮੌਕੇ ਸੈਮੀਨਾਰ ਕੀਤਾ ਗਿਆ। ਸੈਮੀਨਾਰ ਵਿੱਚ ਯੂਨੀਵਰਸਿਟੀ ਦੇ ਕਾਰਜਕਾਰੀ ਕੌਂਸਲ ਮੈਂਬਰ ਧਰਮਿੰਦਰ ਵਸ਼ਿਸ਼ਟ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੈਦ ਕਰਤਾਰ ਸਿੰਘ ਧੀਮਾਨ ਨੇ ਕੀਤੀ। ਇਸ ਮੌਕੇ ਮੁੱਖ ਮਹਿਮਾਨ ਧਰਮਿੰਦਰ ਵਸ਼ਿਸ਼ਟ ਨੇ ਕਿਹਾ ਕਿ ਅੱਜ ਮਨੁੱਖ ਕੁਦਰਤ ਤੋਂ ਦੂਰ ਹੁੰਦਾ ਜਾ ਰਿਹਾ ਹੈ ਤੇ ਇਸ ਦਾ ਮਾੜਾ ਪ੍ਰਭਾਵ ਸਿਹਤ ’ਤੇ ਪੈ ਰਿਹਾ ਹੈ। ਇਸ ਦੌਰਾਨ ਕੁਦਰਤੀ ਇਲਾਜ ਦੇ ਸਿਧਾਂਤਾ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਧੁੱਪ, ਵਰਤ ਰੱਖਣਾ ਤੇ ਖੁਰਾਕ ਥੈੈਰੇਪੀ ਕੁਦਰਤੀ ਇਲਾਜ ਦੇ ਆਧਾਰ ਹਨ। ਇਸ ਦੌਰਾਨ ਉਨ੍ਹਾਂ ਅਪੀਲ ਕੀਤੀ ਕਿ ਦੇਰ ਰਾਤ ਭੋਜਨ ਤੋਂ ਗੁਰੇਜ਼ ਕੀਤਾ ਜਾਵੇ।
ਅਧਿਕਾਰੀਆਂ ਨੂੰ ਸਮੇਂ ਸਿਰ ਹੱਲ ਕਰਨ ਦੇ ਨਿਰਦੇਸ਼
ਐੱਸ ਡੀ ਐੱਮ ਸ਼ਿਵਜੀਤ ਭਾਰਤੀ ਨੇ ਜਨ ਸੁਣਵਾਈ ਕੈਂਪ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮੱਸਿਆਵਾਂ ਦੇ ਹੱਲ ਲਈ ਨਿਰਦੇਸ਼ ਦਿੱਤੇ। ਐੱਸ ਡੀ ਐੱਮ ਨੇ ਕਿਹਾ ਕਿ ਅਧਿਕਾਰੀ ਕੈਂਪ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਨਿਰਧਾਰਤ ਸਮੇਂ ਦੇ ਅੰਦਰ ਪਹਿਲ ਦੇ ਆਧਾਰ ’ਤੇ ਹੱਲ ਕਰਨ ਅਤੇ ਸਮੱਸਿਆ ਦਾ ਹੱਲ ਕਰਨ ਤੋਂ ਬਾਅਦ ਇਸ ਦੀ ਰਿਪੋਰਟ ਐੱਸ ਡੀ ਐੱਮ ਦਫ਼ਤਰ ਨੂੰ ਸੌਂਪਣ।
ਕੈਂਪ ਵਿੱਚ ਏਕਤਾ ਕਲੋਨੀ ਦੇ ਅਨਿਲ ਕੁਮਾਰ ਨੇ ਦੱਸਿਆ ਕਿ ਨਾਲੀਆਂ ਦੀ ਸਫਾਈ ਕੀਤੀ ਜਾਵੇ ਅਤੇ ਗਲੀ ਦੀ ਮੁਰੰਮਤ ਕੀਤੀ ਜਾਵੇ। ਕੋਡਵਾ ਪਿੰਡ ਦੇ ਦਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਏ ਜਾਣ। ਪਿੰਡ ਨਖੜੋਲੀ ਦੇ ਸਰੋਜ ਨੇ ਬੀ ਪੀ ਐੱਲ ਕਾਰਡ ਨਾਲ ਸਬੰਧਤ ਸਮੱਸਿਆ ਚੁੱਕੀ। ਪਿੰਡ ਛੱਜਲ ਮਾਜਰਾ ਦੇ ਬਲਜੀਤ ਸਿੰਘ ਨੇ ਬੁਢਾਪਾ ਪੈਨਸ਼ਨ ਦੀ ਅਪੀਲ ਕੀਤੀ। ਪਿੰਡ ਅੰਬਲੀ ਦੇ ਰਾਮ ਪ੍ਰਕਾਸ਼ ਨੇ ਪਰਿਵਾਰਕ ਪਛਾਣ ਪੱਤਰ ਵਿੱਚ ਆਮਦਨ ਘਟਾਉਣ ਅਤੇ ਪਿੰਡ ਬ੍ਰਾਹਮਣ ਮਾਜਰਾ ਦੀ ਸੀਮਾ ਰਾਣੀ ਨੇ ਰਾਸ਼ਨ ਕਾਰਡ ਰੱਦ ਹੋਣ ਦੀ ਸਮੱਸਿਆ ਚੁੱਕੀ। ਕਾਲਾ ਅੰਬ ਦੇ ਬਲਦੇਵ ਸਿੰਘ ਨੇ ਪੰਚਾਇਤੀ ਗਲੀ ਦਾ ਪੱਧਰ ਠੀਕ ਕਰਨ ਦੀ ਅਪੀਲ ਕੀਤੀ। ਪਿੰਡ ਨਗਲਾ ਰਾਜਪੂਤਾਂ ਦੀ ਵਿਦਿਆ ਦੇਵੀ ਨੇ ਬੁਢਾਪਾ ਪੈਨਸ਼ਨ ਦੀ ਬੇਨਤੀ ਕੀਤੀ। ਨਾਰਾਇਣਗੜ੍ਹ ਦੇ ਵਾਰਡ 12 ਦੇ ਵਸਨੀਕ ਕੁਲਦੀਪ ਸਿੰਘ ਨੇ ਪਰਿਵਾਰਕ ਪਛਾਣ ਪੱਤਰ ਵਿੱਚ ਜਾਤ ਦਰੁਸਤ ਕਰਵਾਉਣ ਸਬੰਧੀ ਸਮੱਸਿਆ ਚੁੱਕੀ। ਇਸ ਮੌਕੇ ਨਾਇਬ ਤਹਿਸੀਲਦਾਰ ਸੁਨੀਲ ਕੁਮਾਰ, ਰੀਡਰ ਨਵੀਨ ਸੈਣੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

