ਗੀਤਾ, ਗੁਰੂ ਗ੍ਰੰਥ ਸਾਹਿਬ ਤੇ ਬਾਈਬਲ ਜਿੰਨਾ ਪਵਿੱਤਰ ਹੈ ਸੰਵਿਧਾਨ: ਬਘੇਲ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 26 ਜੂਨ
ਕੇਂਦਰੀ ਰਾਜ ਮੰਤਰੀ ਐੱਸਪੀ ਬਘੇਲ ਨੇ ਕਿਹਾ ਹੈ ਕਿ ਭਾਰਤੀ ਸੰਵਿਧਾਨ ਸਾਡੇ ਦੇਸ਼ ਦੀ ਗੀਤਾ, ਗੁਰੂ ਗ੍ਰੰਥ ਸਾਹਿਬ ਤੇ ਬਾਈਬਲ ਜਿੰਨਾ ਪਵਿੱਤਰ ਹੈ। ਸਾਨੂੰ ਸੰਵਿਧਾਨ ਦਾ ਸਤਿਕਾਰ ਕਰਨਾ ਚਾਹੀਦਾ ਹੈ। ਦੇਸ਼ ਦੇ ਹਿੱਤ ਵਿਚ ਸੰਵਿਧਾਨ ਵਿੱਚ ਸੋਧਾਂ ਕੀਤੀਆਂ ਜਾਂਣੀਆਂ ਚਾਹੀਦੀਆਂ ਹਨ , ਪਰ ਨਿੱਜੀ ਜਾਂ ਸੱਤਾ ਲਈ ਸੋਧਾਂ ਕਰਨਾ ਸੰਵਿਧਾਨ ਨੂੰ ਮਾਰਨ ਦੇ ਬਰਾਬਰ ਹੈ। ਭਾਰਤੀ ਜਨਤਾ ਪਾਰਟੀ ਸੰਵਿਧਾਨ ਨੂੰ ਬਚਾਉਣ ਦਾ ਕੰਮ ਕਰ ਰਹੀ ਹੈ। ਇਹ ਵਿਚਾਰ ਉਨ੍ਹਾਂ ਪੰਚਾਇਤ ਭਵਨ ਵਿੱਚ ‘ਸੰਵਿਧਾਨ ਹੱਤਿਆ ਦਿਵਸ 2025’ ਪ੍ਰੋਗਰਾਮ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਸੰਵਿਧਾਨ ਹੱਤਿਆ ਦਿਵਸ ਸਬੰਧੀ ਪ੍ਰਦਰਸ਼ਨੀ ਦਾ ਦੌਰਾ ਵੀ ਕੀਤਾ ਤੇ ਐਮਰਜੈਂਸੀ ਦੌਰਾਨ ਕੈਦ ਹੋਏ ਲੋਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਦੋ ਔਰਤਾਂ ਨੂੰ ਰਾਸ਼ਟਰਪਤੀ ਦੇ ਅਹੁਦੇ ਨਾਲ ਨਿਵਾਜਿਆ ਗਿਆ ਹੈ ਪਰ ਅਮਰੀਕਾ ਵਿੱਚ ਅੱਜ ਤਕ ਕਿਸੇ ਔਰਤ ਨੂੰ ਰਾਸ਼ਟਰਪਤੀ ਦਾ ਖਿਤਾਬ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਐਮਰਜੈਂਸੀ ਦੇ 19 ਮਹੀਨੇ ਸਾਡੇ ਦੇਸ਼ ਦੇ ਲੋਕਤੰਤਰ ’ਤੇ ਇਕ ਕਾਲਾ ਧੱਬਾ ਹੈ। ਭਾਜਪਾ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਦੇਸ਼ ’ਤੇ 25 ਜੂਨ 1975 ਨੂੰ ਸੰਵਿਧਾਨ ਲਾਗੂ ਕੀਤਾ ਗਿਆ ਸੀ ਤੇ ਅੱਜ ਪੂਰੇ 50 ਸਾਲ ਹੋ ਗਏ ਹਨ ਫਿਰ ਲੋਕਾਂ ਨੂੰ ਜੇਲ੍ਹ ਭੇਜਿਆ ਗਿਆ। ਸੰਵਿਧਾਨ ਵਿੱਚ ਸੋਧ ਕਰਕੇ ਇਸ ਨੂੰ ਬਦਲਿਆ ਗਿਆ। ਇਸ ਨੂੰ ਭਾਰਤੀ ਸੰਵਿਧਾਨ ਦਾ ਇਕ ਕਾਲਾ ਅਧਿਆਏ ਮੰਨਿਆ ਜਾਂਦਾ ਹੈ।