ਕਾਂਗਰਸ ਵਰਕਰਾਂ ਨੇ ਯੂ ਪੀ ਸਰਕਾਰ ਦਾ ਪੁਤਲਾ ਸਾੜਿਆ
ਦਲਿਤਾਂ ਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼; ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਐੱਨ ਐੱਸ ਯੂ ਆਈ ਅਤੇ ਕਾਂਗਰਸ ਵਰਕਰਾਂ ਨੇ ਯੂ ਪੀ ਸਰਕਾਰ ਦੀਆਂ ਨੀਤੀਆਂ ਵਿਰੁੱਧ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ। ਸਾਬਕਾ ਕਾਂਗਰਸ ਉਮੀਦਵਾਰ ਰਮਨ ਤਿਆਗੀ ਅਤੇ ਐੱਨ ਐੱਸ ਯੂ ਆਈ ਜ਼ਿਲ੍ਹਾ ਪ੍ਰਧਾਨ ਆਰੀਅਨ ਦੀ ਅਗਵਾਈ ਵਿੱਚ ਵੱਡੀ ਗਿਣਤੀ ਕਾਂਗਰਸ ਵਰਕਰ ਅਨਾਜ ਮੰਡੀ ਗੇਟ ’ਤੇ ਇਕੱਠੇ ਹੋਏ। ਇੱਥੇ ਵਿਰੋਧ ਪ੍ਰਦਰਸ਼ਨ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਉਹ ਮਿੰਨੀ ਸਕੱਤਰੇਤ ਦੇ ਮੁੱਖ ਗੇਟ ’ਤੇ ਪਹੁੰਚੇ। ਐੱਨ ਐੱਸ ਯੂ ਆਈ ਅਤੇ ਕਾਂਗਰਸ ਵਰਕਰਾਂ ਨੇ ਸੜਕ ਦੇ ਵਿਚਕਾਰ ਉੱਤਰ ਪ੍ਰਦੇਸ਼ ਸਰਕਾਰ ਦਾ ਪੁਤਲਾ ਸਾੜਿਆ ਅਤੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਰਮਨ ਤਿਆਗੀ ਨੇ ਕਿਹਾ ਕਿ ਦੇਸ਼ ਵਿੱਚ ਲੋਕਤੰਤਰ ਦੀ ਸਥਿਤੀ ਚਿੰਤਾਜਨਕ ਹੋ ਗਈ ਹੈ। ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆਂ ਕਾਰਨ ਸਮਾਜ ਦਾ ਹਰ ਵਰਗ ਦੁਖੀ ਹੈ। ਨੌਜਵਾਨ, ਕਿਸਾਨ, ਕਾਰੋਬਾਰੀ, ਕਰਮਚਾਰੀ, ਵਿਦਿਆਰਥੀ ਸਾਰੇ ਸੜਕਾਂ ’ਤੇ ਉਤਰਨ ਲਈ ਮਜਬੂਰ ਹਨ, ਪਰ ਸਰਕਾਰ ਜਨਤਕ ਆਵਾਜ਼ ਨੂੰ ਦਬਾਉਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇਸ਼ ਲਈ ਇੱਕ ਮਜ਼ਬੂਤ ਆਵਾਜ਼ ਹੈ, ਅਤੇ ਉਨ੍ਹਾਂ ਨੂੰ ਚੁੱਪ ਕਰਾਉਣ ਲਈ ਕਈ ਕੇਂਦਰ ਸਰਕਾਰ ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ ਰਚਣ ਦਾ ਯਤਨ ਕਰ ਰਹੀ ਹੈ। ਐੱਸ ਸੀ ਸੈੱਲ ਦੇ ਪ੍ਰਧਾਨ ਰੋਸ਼ਨ ਲਾਲ ਅਤੇ ਐੱਨ ਐੱਸ ਯੂ ਆਈ ਜ਼ਿਲ੍ਹਾ ਪ੍ਰਧਾਨ ਆਰੀਅਨ ਨੇ ਕਿਹਾ ਕਿ ਬਰੇਲੀ ਵਿੱਚ ਇੱਕ ਦਲਿਤ ਵਿਦਿਆਰਥੀ ਦੇ ਕਤਲ ਵਰਗੀਆਂ ਘਟਨਾਵਾਂ ਸਮਾਜ ਲਈ ਹੈਰਾਨ ਕਰਨ ਵਾਲੀਆਂ ਹਨ। ਅਜਿਹੀਆਂ ਘਟਨਾਵਾਂ ’ਤੇ ਸਰਕਾਰ ਦੀ ਚੁੱਪੀ ਸੱਤਾਧਾਰੀ ਪਾਰਟੀ ਦੀ ਕਾਨੂੰਨ ਵਿਵਸਥਾ ਪ੍ਰਤੀ ਵਰਤੀ ਗਈ ਅਣਗਹਿਲੀ ਨੂੰ ਦਰਸਾਉਂਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਉੱਤਰ ਪ੍ਰਦੇਸ਼ ਵਿੱਚ ਦਲਿਤਾਂ, ਘੱਟ ਗਿਣਤੀਆਂ ਅਤੇ ਵਿਰੋਧੀ ਆਗੂਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਵਿਰੋਧ ਪ੍ਰਦਰਸ਼ਨ ਦੌਰਾਨ, ਐੱਨ ਐੱਸ ਯੂ ਆਈ ਵਰਕਰਾਂ ਨੇ ‘ਤਾਨਾਸ਼ਾਹੀ ਸਰਕਾਰ ਮੁਰਦਾਬਾਦ’, ‘ਦਲਿਤ ਧੀਆਂ ਨੂੰ ਇਨਸਾਫ਼ ਦਿਓ’, ਅਤੇ ‘ਰਾਹੁਲ ਗਾਂਧੀ ਜ਼ਿੰਦਾਬਾਦ’ ਵਰਗੇ ਨਾਅਰੇ ਲਗਾਏ। ਮੌਕੇ ’ਤੇ ਪੁਲੀਸ ਤਾਇਨਾਤ ਸੀ।