ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ ਕਾਮਨ ਐਲਿਜੀਬਿਲਟੀ ਪ੍ਰੀਖਿਆ
ਇਹ ਪ੍ਰੀਖਿਆ ਅੱਜ ਸ਼ਹਿਰ ਵਿਚ ਦੋ ਸ਼ਿਫਟਾਂ ਵਿੱਚ ਕਰਵਾਈ ਗਈ। ਪਹਿਲੀ ਸ਼ਿਫ਼ਟ ਸਵੇਰ ਦਸ ਵਜੇ ਤੋਂ ਪੌਣੇ ਬਾਰਾਂ ਵਜੇ ਤੇ ਦੂਜੀ ਸ਼ਿਫਟ ਦੀ ਪ੍ਰੀਖਿਆ ਸਵਾ ਤਿੰਨ ਵਜੇ ਤੋਂ ਪੰਜ ਵਜੇ ਤੱਕ ਕਰਵਾਈ ਗਈ। ਜਾਣਕਾਰੀ ਅਨੁਸਾਰ ਇਸ ਪ੍ਰੀਖਿਆ ਲਈ ਚੰਡੀਗੜ੍ਹ ਦੇ ਕਾਲਜਾਂ ਤੇ ਸਕੂਲਾਂ ਵਿੱਚ ਪ੍ਰਸ਼ਾਸਨ ਨੇ ਸਖਤ ਪ੍ਰਬੰਧ ਕੀਤੇ ਸਨ। ਇਨ੍ਹਾਂ ਪ੍ਰੀਖਿਆ ਕੇਂਦਰਾਂ ਵਿੱਚ ਇਕ ਦਿਨ ਪਹਿਲਾਂ ਵੀ ਪੁਲੀਸ ਤਾਇਨਾਤ ਕੀਤੀ ਗਈ ਸੀ ਤੇ ਸੈਂਟਰਾਂ ਵਿਚ ਤਿੰਨ ਪੜਾਅ ’ਤੇ ਚੈਕਿੰਗ ਕੀਤੀ ਗਈ। ਇਸ ਦੌਰਾਨ ਗੇਟ ਦੇ ਬਾਹਰ ਚੰਡੀਗੜ੍ਹ ਪੁਲੀਸ ਦੇ ਜਵਾਨ ਤਾਇਨਾਤ ਸਨ ਤੇ ਇਸ ਪ੍ਰੀਖਿਆ ਨੂੰ ਕਰਵਾਉਣ ਲਈ ਇਕ ਏਜੰਸੀ ਦੇ ਮੁਲਾਜ਼ਮ ਦੀ ਪੂਰੀ ਤਰ੍ਹਾਂ ਮੁਸਤੈਦ ਰਹੇ।
ਇਸ ਦੌਰਾਨ ਪ੍ਰੀਖਿਆ ਕੇਂਦਰ ਵਿਚ ਆਉਣ ਵਾਲਿਆਂ ਦੇ ਬੂਟ ਵੀ ਖੁੱਲ੍ਹਵਾਏ ਗਏ ਤੇ ਉਨ੍ਹਾਂ ਦੇ ਰੁਮਾਲ ਵੀ ਬਾਹਰ ਕਢਵਾ ਕੇ ਚੈੱਕ ਕੀਤੇ ਗਏ। ਇਸ ਦੌਰਾਨ ਲੜਕੀਆਂ ਤੇ ਔਰਤਾਂ ਦੀ ਵੀ ਤਲਾਸ਼ੀ ਲਈ ਗਈ। ਮੁਹਾਲੀ ਨਿਵਾਸੀ ਆਰਤੀ ਨੇ ਦੱਸਿਆ ਕਿ ਉਹ ਦੁਪਹਿਰ 12 ਵਜੇ ਦੇ ਕਰੀਬ ਸੈਕਟਰ 25 ਤੋਂ 21 ਲਈ ਗਈ ਸੀ ਪਰ ਰਾਹ ਵਿਚ ਕਈ ਥਾਈਂ ਜਾਮ ਲੱਗ ਗਿਆ ਜਿਸ ਕਾਰਨ ਉਹ ਆਪਣੀ ਮੰਜ਼ਿਲ ਵਿਚ ਇਕ ਘੰਟੇ ਬਾਅਦ ਪੁੱਜੀ।
ਅੰਬਾਲਾ ਤੋਂ ਆਏ ਰਾਮ ਨੇ ਦੱਸਿਆ ਕਿ ਉਹ ਆਪਣੀ ਲੜਕੀ ਨੂੰ ਪ੍ਰੀਖਿਆ ਦਿਵਾਉਣ ਆਇਆ ਸੀ ਤੇ ਉਸ ਨੂੰ ਰਾਏਪੁਰ ਰਾਣੀ ਤੋਂ ਸੈਕਟਰ 29 ਤੱਕ ਆਉਂਦਿਆਂ ਇਕ ਘੰਟੇ ਤੋਂ ਵੱਧ ਸਮਾਂ ਲੱਗ ਗਿਆ। ਇਹ ਵੀ ਪਤਾ ਲੱਗਿਆ ਹੈ ਕਿ ਜ਼ੀਰਕਪੁਰ ਤੋਂ ਟ੍ਰਿਬਿਊਨ ਚੌਕ ਤੱਕ ਅੱਜ ਕਈ ਵਾਰ ਜਾਮ ਲੱਗਿਆ ਜਿਸ ਕਾਰਨ ਯਾਤਰੀਆਂ ਨੂੰ ਆਪਣੀ ਮੰਜ਼ਿਲ ’ਤੇ ਪੁੱਜਣ ਲਈ ਕਈ ਘੰਟੇ ਲੱਗੇ।
ਪੌਣੇ ਦੋ ਘੰਟਿਆਂ ’ਚ ਹੋਇਆ ਚੰਡੀਗੜ੍ਹ ਤੋਂ ਜ਼ੀਰਕਪੁਰ ਦਾ ਸਫਰ
ਅੰਬਾਲਾ ਦੇ ਰਿਸ਼ੀਦੱਤ ਸਾਗਰ ਨੇ ਦੱਸਿਆ ਕਿ ਉਹ ਆਪਣੀ ਲੜਕੀ ਨੂੰ ਸੀਈਟੀ ਪ੍ਰੀਖਿਆ ਦਿਵਾਉਣ ਆਏ ਸਨ, ਉਨ੍ਹਾਂ ਨੂੰ ਸ਼ਾਮ ਵੇਲੇ ਪੇਪਰ ਦੀ ਸਮਾਪਤੀ ਤੋਂ ਬਾਅਦ ਚੰਡੀਗੜ੍ਹ ਤੋਂ ਜ਼ੀਰਕਪੁਰ ਪੁੱਜਣ ਲਈ ਹੀ ਪੌਣੇ ਦੋ ਘੰਟੇ ਲੱਗ ਗਏ। ਉਨ੍ਹਾਂ ਕਿਹਾ ਕਿ ਇਸ ਪ੍ਰੀਖਿਆ ਲਈ ਅਜੀਬ ਪ੍ਰਬੰਧ ਕੀਤੇ ਹੋਏ ਸਨ ਕਿ ਬਾਹਰਲੇ ਉਮੀਦਵਾਰਾਂ ਦੇ ਪ੍ਰੀਖਿਆ ਕੇਂਦਰ ਚੰਡੀਗੜ੍ਹ ਬਣਾਏ ਗਏ ਸਨ ਤੇ ਚੰਡੀਗੜ੍ਹ ਦੇ ਉਮੀਦਵਾਰਾਂ ਦੇ ਪ੍ਰੀਖਿਆ ਕੇਂਦਰ ਯਮੁਨਾ ਨਗਰ ਬਣਾਏ ਗਏ ਸਨ।
ਥ੍ਰੀ ਵੀਲ੍ਹਰਾਂ ਤੇ ਰਿਕਸ਼ਾ ਵਾਲਿਆਂ ਦੀ ਚਾਂਦੀ
ਸੀਈਟੀ ਦੀ ਅੱਜ ਜਦੋਂ ਪਹਿਲੀ ਸ਼ਿਫਟ ਸਮਾਪਤ ਹੋਈ ਤਾਂ ਚੌਕਾਂ ਤੇ ਬੱਸ ਸਟਾਪਾਂ ’ਤੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਇਸ ਕਾਰਨ ਲੋਕਾਂ ਨੂੰ ਸੀਟੀਯੂ ਦੀਆਂ ਬੱਸਾਂ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ। ਇਸ ਦੌਰਾਨ ਰਿਕਸ਼ਿਆਂ ਵਾਲਿਆਂ ਤੇ ਥ੍ਰੀ ਵੀਲ੍ਹਰਾਂ ਵਾਲਿਆਂ ਨੇ ਮਨਮਰਜ਼ੀ ਦੇ ਭਾਅ ਵਸੂਲ ਕੇ ਲੋਕਾਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ ’ਤੇ ਪਹੁੰਚਾਇਆ। ਇਹ ਵੀ ਪਤਾ ਲੱਗਿਆ ਹੈ ਕਿ ਇਸ ਸਮੇਂ ਦੌਰਾਨ ਊਬਰ ਤੇ ਇਨ ਡਰਾਈਵਰ ਐਪ ’ਤੇ ਵੀ ਰੇਟ ਵਧੇ ਹੋਏ ਮਿਲੇ
ਸਾਢੇ ਤਿੰਨ ਸੌ ਬੱਸਾਂ ਰਾਹੀਂ ਉਮੀਦਵਾਰਾਂ ਨੂੰ ਸੈਂਟਰਾਂ ਤੱਕ ਪਹੁੰਚਾਇਆ
ਯੂਟੀ ਪ੍ਰਸ਼ਾਸਨ ਨੇ ਇਸ ਪ੍ਰੀਖਿਆ ਲਈ ਸਾਰੇ ਪ੍ਰਬੰਧ ਕੀਤੇ ਸਨ। ਪ੍ਰਸ਼ਾਸਨ ਨੇ ਇਸ ਮੌਕੇ ਸਾਢੇ ਤਿੰਨ ਸੌ ਦੇ ਕਰੀਬ ਬੱਸਾਂ ਨੂੰ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਾਉਣ ਲਈ ਲਾਇਆ ਸੀ। ਇਹ ਬੱਸਾਂ ਸੈਕਟਰ 34 ਦੇ ਪ੍ਰਦਰਸ਼ਨੀ ਮੈਦਾਨ ਤੇ ਸੈਕਟਰ 17 ਤੋਂ ਚਲਾਈਆਂ ਗਈਆਂ ਤਾਂ ਕਿ ਉਮੀਦਵਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਸੈਕਟਰ 20 ਦੇ ਸਕੂਲ ’ਚ ਪੁਲੀਸ ਸੱਦੀ
ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 20 ਵਿਚ ਦੋ ਲੜਕੀਆਂ ਦੀ ਸ਼ਕਲ ਮਿਲਣ ਦਾ ਮਾਮਲਾ ਸਾਹਮਣੇ ਆਉਣ ’ਤੇ ਪੁਲੀਸ ਨੂੰ ਸੱਦਣਾ ਪਿਆ। ਇਸ ਸਕੂਲ ਵਿਚ ਅੱਜ ਇਕ ਲੜਕੀ ਪੇਪਰ ਦੇਣ ਆਈ ਜਿਸ ਦੀ ਸ਼ਕਲ ਇਸ ਸਕੂਲ ਵਿਚ ਪੜ੍ਹਦੀ ਵਿਦਿਆਰਥਣ ਨਾਲ ਮਿਲਦੀ ਸੀ ਜਿਸ ਤੋਂ ਬਾਅਦ ਸੈਕਟਰ 19 ਥਾਣੇ ਦੀ ਪੁਲੀਸ ਨੇ ਜਾਂਚ ਕੀਤੀ ਪਰ ਇਹ ਪਤਾ ਲੱਗਿਆ ਕਿ ਇਸ ਦੋਵੇਂ ਜੁੜਵਾਂ ਭੈਣਾਂ ਹਨ। ਪੁਲੀਸ ਨੇ ਮਾਮਲੇ ਦੀ ਜਾਂਚ ਸਹੀ ਹੋਣ ਤੋਂ ਬਾਅਦ ਉਮੀਦਵਾਰ ਨੂੰ ਪ੍ਰੀਖਿਆ ਦੇਣ ਲਈ ਜਾਣ ਦਿੱਤਾ।
ਹਾਜ਼ਰੀਆਂ ਲਗਾਉਣ ਲਈ ਪ੍ਰੇਸ਼ਾਨ ਹੋਏ ਅਧਿਆਪਕ
ਯੂਟੀ ਦੇ ਸਿੱਖਿਆ ਵਿਭਾਗ ਨੇ ਸੀਈਟੀ ਦੀ ਪ੍ਰੀਖਿਆ ਸਬੰਧੀ 25 ਜੁਲਾਈ ਨੂੰ ਰਾਤ ਪੌਣੇ ਦਸ ਵਜੇ ਵਟਸਐਪ ਗਰੁੱਪਾਂ ਵਿਚ ਸਰਕੁਲਰ ਪਾਇਆ ਕਿ ਜਿਨ੍ਹਾਂ ਸਕੂਲਾਂ ਵਿਚ ਸੀਈਟੀ ਦੀ ਪ੍ਰੀਖਿਆ ਨਹੀਂ ਹੈ, ਉਹ ਅਧਿਆਪਕ ਆਪਣੇ ਨੇੜਲੇ ਸਕੂਲਾਂ ਵਿਚ ਜਾਣ ਤੇ ਉਥੇ ਆਪਣੀਆਂ ਸੇਵਾਵਾਂ ਦੇਣ। ਇਸ ਸਬੰਧੀ ਫੋਟੋਆਂ ਉਹ ਆਪਣੇ ਅਧਿਕਾਰੀਆਂ ਨੂੰ ਭੇਜਣ। ਇਸ ਹੁਕਮ ਤੋਂ ਬਾਅਦ ਅੱਜ ਅਧਿਆਪਕ ਆਪਣੇ ਨੇੜਲੇ ਸਕੂਲਾਂ ਵਿਚ ਚੱਕਰ ਕੱਟਦੇ ਰਹੇ। ਕਈ ਅਧਿਆਪਕਾਂ ਨੂੰ ਇਸ ਦੌਰਾਨ ਖੱਜਲ ਖੁਆਰੀ ਦਾ ਵੀ ਸਾਹਮਣਾ ਕਰਨਾ ਪਿਆ। ਇਸ ਦੌਰਾਨ ਇਕ ਸਕੂਲ ਵਿਚ ਵੱਡੀ ਗਿਣਤੀ ਅਧਿਆਪਕ ਇਕੱਠੇ ਹੋ ਗਏ ਤੇ ਅਧਿਆਪਕਾਂ ਨੂੰ ਕਾਫੀ ਸਮਾਂ ਧੁੱਪੇ ਗੁਜ਼ਾਰਨਾ ਪਿਆ। ਅਧਿਆਪਕਾਂ ਨੇ ਮੰਗ ਕੀਤੀ ਕਿ ਅਧਿਆਪਕਾਂ ਨੂੰ ਪ੍ਰੇਸ਼ਾਨੀ ਕਰਨ ਵਾਲੇ ਨੋਟਿਸ ਨਾ ਕੱਢੇ ਜਾਣ।
ਪੰਚਕੂਲਾ ਜ਼ਿਲ੍ਹੇ ’ਚ ਸ਼ਾਂਤੀਪੂਰਵਕ ਨੇਪਰੇ ਚੜ੍ਹੀ ਪ੍ਰੀਖਿਆ
ਪੰਚਕੂਲਾ (ਪੀਪੀ ਵਰਮਾ): ਐੱਚਐੱਸਐੱਸਸੀ ਵੱਲੋਂ ਲਈ ਗਈ ਸੀਈਟੀ ਪ੍ਰੀਖਿਆ ਪਹਿਲੇ ਦਿਨ ਪੰਚਕੂਲਾ ਜ਼ਿਲ੍ਹੇ ਵਿੱਚ ਦੋਵੇਂ ਸ਼ਿਫਟਾਂ ਵਿੱਚ ਸ਼ਾਂਤੀਪੂਰਵਕ ਸੰਪੰਨ ਹੋਈ। ਸਾਰੇ 44 ਪ੍ਰੀਖਿਆ ਕੇਂਦਰਾਂ ’ਤੇ ਸੁਰੱਖਿਆ ਪ੍ਰਬੰਧ ਸਖ਼ਤ ਸਨ। ਡਿਪਟੀ ਕਮਿਸ਼ਨਰ ਮੋਨਿਕਾ ਗੁਪਤਾ ਨੇ ਕਿਹਾ ਕਿ ਉਮੀਦਵਾਰਾਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੀਈਟੀ ਨੂੰ ਸਫਲਤਾਪੂਰਵਕ ਸੰਪੰਨ ਕਰਨ ਲਈ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਬਾਹਰੋਂ ਆਉਣ ਵਾਲੇ ਉਮੀਦਵਾਰਾਂ ਨੂੰ ਬੱਸ ਦੇ ਆਉਣ ਤੋਂ 3 ਤੋਂ 4 ਮਿੰਟ ਦੇ ਅੰਦਰ-ਅੰਦਰ ਉਨ੍ਹਾਂ ਦੇ ਪ੍ਰੀਖਿਆ ਕੇਂਦਰਾਂ ਲਈ ਨਿਰਧਾਰਤ ਬੱਸਾਂ ਵਿੱਚ ਉਨ੍ਹਾਂ ਦੇ ਪ੍ਰੀਖਿਆ ਕੇਂਦਰਾਂ ’ਤੇ ਭੇਜ ਦਿੱਤਾ ਗਿਆ ਅਤੇ ਸਾਰਿਆਂ ਨੂੰ ਸਮੇਂ ਸਿਰ ਪ੍ਰੀਖਿਆ ਕੇਂਦਰਾਂ ’ਤੇ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਪ੍ਰੀਖਿਆ ਤੋਂ ਬਾਅਦ, ਦੋਵਾਂ ਸ਼ਿਫਟਾਂ ਦੇ ਉਮੀਦਵਾਰਾਂ ਨੂੰ ਫੀਡਰ ਬੱਸ ਸੇਵਾ ਰਾਹੀਂ ਪ੍ਰੀਖਿਆ ਕੇਂਦਰ ਤੋਂ ਬੱਸ ਸਟੈਂਡ ਵਾਪਸ ਲਿਜਾਇਆ ਗਿਆ। ਇਸ ਤੋਂ ਬਾਅਦ ਸਾਰੇ ਉਮੀਦਵਾਰ ਆਪਣੀਆਂ-ਆਪਣੀਆਂ ਮੰਜ਼ਿਲਾਂ ਲਈ ਰਵਾਨਾ ਹੋ ਗਏ। ਡਿਪਟੀ ਕਮਿਸ਼ਨਰ ਮੋਨਿਕਾ ਗੁਪਤਾ ਨੇ ਪਹਿਲੀ ਸ਼ਿਫਟ ਵਿੱਚ ਸੈਕਟਰ-1 ਸਰਕਾਰੀ ਕਾਲਜ, ਸੈਕਟਰ-6 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-6 ਹੰਸਰਾਜ ਸਕੂਲ, ਸੈਕਟਰ-15 ਭਵਨ ਵਿਦਿਆਲਿਆ ਅਤੇ ਹੋਰ ਕੇਂਦਰਾਂ ਦਾ ਨਿਰੀਖਣ ਕੀਤਾ। ਦੂਜੀ ਸ਼ਿਫਟ ਵਿੱਚ ਸੈਕਟਰ-4 ਸਤਲੁਜ ਪਬਲਿਕ ਸਕੂਲ, ਸੈਕਟਰ-15 ਨਿਊ ਇੰਡੀਆ ਪਬਲਿਕ ਸਕੂਲ ਸਮੇਤ ਕਈ ਹੋਰ ਪ੍ਰੀਖਿਆ ਕੇਂਦਰਾਂ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਰੇ ਪ੍ਰੀਖਿਆ ਕੇਂਦਰਾਂ ‘ਤੇ ਪ੍ਰੀਖਿਆ ਸ਼ਾਂਤੀਪੂਰਵਕ ਢੰਗ ਨਾਲ ਹੋਈ। ਡਿਪਟੀ ਕਮਿਸ਼ਨਰ ਮੋਨਿਕਾ ਗੁਪਤਾ ਨੇ ਕਿਹਾ ਕਿ ਸੀਈਟੀ ਦੇ ਮੱਦੇਨਜ਼ਰ ਕੱਲ੍ਹ 27 ਜੁਲਾਈ ਨੂੰ ਸਾਰੀਆਂ ਕੋਚਿੰਗ ਸੰਸਥਾਵਾਂ ਅਤੇ ਫੋਟੋਸਟੈਟ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਭਾਰਤੀ ਨਾਗਰਿਕ ਸੁਰੱਖਿਆ ਜ਼ਾਬਤੇ ਦੀ ਧਾਰਾ 163 ਲਾਗੂ ਰਹੇਗੀ।
ਟਰਾਂਸਪੋਰਟ ਵਿਭਾਗ ਨੇ ਵਧੀਆ ਸੇਵਾਵਾਂ ਨਿਭਾਈਆਂ: ਵਿੱਜ
ਅੰਬਾਲਾ (ਸਰਬਜੀਤ ਸਿੰਘ ਭੱਟੀ): ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਸੀਈਟੀ ਦੌਰਾਨ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਾਉਣ ਲਈ ਟਰਾਂਸਪੋਰਟ ਵਿਭਾਗ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ, ‘ਸਾਡਾ ਇਹ ਹੀ ਸੰਕਲਪ ਸੀ ਕਿ ਹਰ ਵਿਦਿਆਰਥੀ ਪਹੁੰਚੇ ਅਤੇ ਇਹ ਜ਼ਿੰਮੇਵਾਰੀ ਵਿਭਾਗ ਨੇ ਨਿਭਾਈ ਹੈ।’ ਸ੍ਰੀ ਵਿੱਜ ਨੇ ਦੱਸਿਆ ਕਿ ਇਹ ਦਿਨ ਟਰਾਂਸਪੋਰਟ ਵਿਭਾਗ ਲਈ ਚੁਣੌਤੀਪੂਰਨ ਸੀ। ਉਨ੍ਹਾਂ ਦੱਸਿਆ ਕਿ ਡਰਾਈਵਰ, ਕੰਡਕਟਰ, ਜਰਨਲ ਮੈਨੇਜਰ, ਅੱਡਾ ਇੰਚਾਰਜ ਸਮੇਤ ਸਾਰਾ ਸਟਾਫ ਬੀਤੀ ਰਾਤ ਤੋਂ ਹੀ ਇੰਤਜ਼ਾਮਾਂ ਵਿੱਚ ਲੱਗ ਗਿਆ ਸੀ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਲਈ ਚਲਾਈਆਂ ਬੱਸਾਂ ਵਿੱਚ ਆਮ ਲੋਕਾਂ ਨੂੰ ਵੀ ਯਾਤਰਾ ਦੀ ਸਹੂਲਤ ਮਿਲੀ।
ਅੰਬਾਲਾ ਪ੍ਰਸ਼ਾਸਨ ਦੇ ਪ੍ਰਬੰਧਾਂ ’ਤੇ ਉਮੀਦਵਾਰਾਂ ਨੇ ਖੁਸ਼ੀ ਪ੍ਰਗਟ ਕੀਤੀ
ਅੰਬਾਲਾ (ਸਰਬਜੀਤ ਸਿੰਘ ਭੱਟੀ): ਅੰਬਾਲਾ ਵਿੱਚ ਸੀਈਟੀ-2025 ਦੀ ਲਿਖਤੀ ਪ੍ਰੀਖਿਆ ਨੂੰ ਸੁਚੱਜੇ ਢੰਗ ਨਾਲ ਸੰਪੰਨ ਕਰਵਾਉਣ ਲਈ ਜ਼ਿਲ੍ਹਾ ਤੇ ਪੁਲੀਸ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ। ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਅਤੇ ਐਸਪੀ ਅਜੀਤ ਸਿੰਘ ਸ਼ੇਖਾਵਤ ਨੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦਾ ਦੌਰਾ ਕਰਕੇ ਬਾਇਓਮੈਟ੍ਰਿਕ ਹਾਜ਼ਰੀ, ਜੈਮਰ, ਸੀਸੀਟੀਵੀ ਕੈਮਰਿਆਂ ਅਤੇ ਹੋਰ ਪ੍ਰਬੰਧਾਂ ਦੀ ਜਾਂਚ ਕੀਤੀ। ਉਨ੍ਹਾਂ ਨੇ ਉਮੀਦਵਾਰਾਂ ਨਾਲ ਗੱਲ ਕਰਕੇ ਉਨ੍ਹਾਂ ਦੀਆਂ ਅਸੁਵਿਧਾਵਾਂ ਦੀ ਵੀ ਜਾਣਕਾਰੀ ਲਈ। ਡੀਸੀ ਨੇ ਦੱਸਿਆ ਕਿ ਅੱਜ ਅਤੇ ਕੱਲ੍ਹ ਦੋ-ਦੋ ਦਿਨਾਂ ਵਿੱਚ ਪ੍ਰੀਖਿਆ ਕਰਵਾਈ ਜਾ ਰਹੀ ਹੈ। ਅੱਜ ਪਹਿਲੇ ਦਿਨ 4616 ਵਿੱਚੋਂ 2991 ਉਮੀਦਵਾਰ ਹਾਜ਼ਰ ਹੋਏ, ਉਨ੍ਹਾਂ ਕਿਹਾ ਕਿ ਵਿਸ਼ੇਸ਼ ਤੌਰ ‘ਤੇ ਦਿਵਿਆਂਗ ਉਮੀਦਵਾਰਾਂ ਲਈ ਵਿਲਚੇਅਰ ਅਤੇ ਵਾਲੰਟੀਅਰਜ਼ ਦੀ ਵਿਵਸਥਾ ਕੀਤੀ ਗਈ। ਐਸਪੀ ਅਜੀਤ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਅੰਬਾਲਾ ਸ਼ਹਿਰ ਅਤੇ ਛਾਉਣੀ ਵਿੱਚ ਬਣਾਏ ਗਏ 19 ਪ੍ਰੀਖਿਆ ਕੇਂਦਰਾਂ ਲਈ ਨਕਲ-ਰਹਿਤ ਅਤੇ ਪਾਰਦਰਸ਼ੀ ਪ੍ਰੀਖਿਆ ਲਈ ਪੁਲੀਸ ਨੇ ਹਰ ਸੰਭਵ ਯਤਨ ਕੀਤਾ। ਡੀਸੀ ਨੇ ਦੱਸਿਆ ਕਿ ਉਮੀਦਵਾਰਾਂ ਦੀ ਆਵਾਜਾਈ ਲਈ ਸ਼ਟਲ ਬੱਸ ਸੇਵਾ ਉਪਲਬਧ ਕਰਵਾਈ ਗਈ। ਇਸ ਸੇਵਾ ਦੀ ਉਮੀਦਵਾਰਾਂ ਵਲੋਂ ਭਰਪੂਰ ਪ੍ਰਸ਼ੰਸਾ ਕੀਤੀ ਗਈ। ਸੋਨੀਪਤ ਤੋਂ ਆਈ ਉਮੀਦਵਾਰ ਭਾਵਨਾ ਨੇ ਦੱਸਿਆ ਕਿ ਉਸ ਅਤੇ ਉਸਦੇ ਪਿਤਾ ਲਈ ਕਿਸੇ ਵੀ ਕਿਸਮ ਦੀ ਟਿਕਟ ਨਹੀਂ ਲੱਗੀ। ਇਸੇ ਤਰ੍ਹਾਂ ਅਲਵਰ (ਰਾਜਸਥਾਨ) ਤੋਂ ਆਏ ਉਮੀਦਵਾਰ ਨੇ ਵੀ ਮੁਫ਼ਤ ਯਾਤਰਾ ਦੀ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਕੇਂਦਰਾਂ ਵਿੱਚ ਸਾਰੀਆਂ ਮੂਲ ਸਹੂਲਤਾਂ ਉਪਲਬਧ ਸਨ।