ਕੋਬਰਾ ਨਾਗ ਨੇ ਟਰੱਕ ਡਰਾਈਵਰ ਦੀ ਸੀਟ ਦੇ ਪਿੱਛੇ ਬੈਠ ਕੇ ਗਾਜ਼ੀਆਬਾਦ ਤੋਂ ਅੰਬਾਲਾ ਤੱਕ ਕੀਤਾ ਸਫ਼ਰ
ਖ਼ਤਰਨਾਕ ਕੋਬਰਾ ਸੱਪ ਨੇ ਟਰੱਕ ਡਰਾਈਵਰ ਦੀ ਸੀਟ ਦੇ ਪਿੱਛੇ ਬੈਠ ਕੇ ਗਾਜ਼ੀਆਬਾਦ ਤੋਂ ਅੰਬਾਲਾ ਤੱਕ ਸਫ਼ਰ ਕੀਤਾ। ਸੱਪ ਬੈਠੇ ਹੋਣ ਦਾ ਪਤਾ ਡਰਾਈਵਰ ਨੂੰ ਅੰਬਾਲਾ ਪਹੁੰਚਣ ’ਤੇ ਲੱਗਾ ਅਤੇ ਜੰਗਲੀ ਜੀਵ ਵਿਭਾਗ ਦੇ ਇੰਸਪੈਕਟਰ ਨੇ ਮੌਕੇ ’ਤੇ ਪਹੁੰਚ ਕੇ ਕੋਬਰਾ ਸੱਪ ਨੂੰ ਟਰੱਕ ਵਿਚੋਂ ਬੜੀ ਮੁਸ਼ਕਲ ਨਾਲ ਕਾਬੂ ਕੀਤਾ।
ਜਾਣਕਾਰੀ ਅਨੁਸਾਰ ਡਰਾਈਵਰ ਗਾਜ਼ੀਆਬਾਦ ਤੋਂ ਸਾਮਾਨ ਲੱਦ ਕੇ ਚੱਲਿਆ ਸੀ। ਹਾਲਾਂਕਿ ਉਹ ਇਸ ਗੱਲ ਤੋਂ ਅਣਜਾਣ ਕਿ ਉਸ ਦੀ ਸੀਟ ਪਿੱਛੇ ਕੋਬਰਾ ਬੈਠਾ ਹੈ। ਇਸ ਦੌਰਾਨ ਉਸ ਨੂੰ ਸੱਪ ਦੇ ਫੁੰਕਾਰੇ ਵੀ ਸੁਣ ਰਹੇ ਸਨ, ਪਰ ਉਸ ਨੂੰ ਲੱਗਾ ਕਿ ਸ਼ਾਇਦ ਕਿਸੇ ਟਾਇਰ ਦੀ ਹਵਾ ਨਿਕਲ ਰਹੀ ਹੈ। ਰਾਤ ਸਮੇਂ ਅੰਬਾਲਾ ਦੇ ਸ਼ੰਭੂ ਬੈਰੀਅਰ ਪਹੁੰਚ ਕੇ ਉਸ ਨੇ ਟਾਇਰਾਂ ਦੀ ਜਾਂਚ ਕੀਤੀ ਜੋ ਠੀਕ-ਠਾਕ ਸਨ।
ਚਾਹ ਪੀ ਕੇ ਜਦੋਂ ਉਹ ਮੁੜ ਟਰੱਕ ਵਿਚ ਬੈਠਣ ਲੱਗਾ ਤਾਂ ਉਸ ਦੇ ਹੋਸ਼ ਉੱਡ ਗਏ। ਉਸ ਦੀ ਸੀਟ ’ਤੇ ਕਾਲਾ ਨਾਗ ਕੁੰਡਲੀ ਮਾਰ ਕੇ ਬੈਠਾ ਸੀ। ਉਸ ਨੇ ਟਰੱਕ ਮਾਲਕ ਨੂੰ ਫ਼ਰੀਦਾਬਾਦ ਫੋਨ ਕੀਤਾ ਜਿਸ ਨੇ ਜੰਗਲੀ ਜੀਵ ਵਿਭਾਗ ਨੂੰ ਸੂਚਿਤ ਕੀਤਾ। ਵਿਭਾਗ ਦੇ ਇੰਸਪੈਕਟਰ ਰਾਕੇਸ਼ ਕੁਮਾਰ ਆਪਣੇ ਸਹਾਇਕ ਨਾਲ ਰਾਤ ਨੂੰ ਸ਼ੰਭੂ ਬੈਰੀਅਰ ਪਹੁੰਚੇ ਅਤੇ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ 5-6 ਫੁੱਟ ਲੰਮੇ ਕਾਲੇ ਨਾਗ ਨੂੰ ਕਾਬੂ ਕਰਕੇ ਜੰਗਲ ਵਿਚ ਛੱਡ ਦਿੱਤਾ।
ਉਧਰ ਵਨ ਵਿਭਾਗ ਨੇ ਕਿਹਾ ਕਿ ਬਰਸਾਤ ਦੌਰਾਨ ਪਾਣੀ ਭਰਨ ਕਰਕੇ ਸੱਪ ਕਿਸੇ ਵਾਹਨ ਵਿਚ ਜਾਂ ਇੱਧਰ-ਉੱਧਰ ਛੁਪ ਜਾਂਦੇ ਹਨ। ਵਾਹਨ ਵਿਚ ਬੈਠਣ ਤੋਂ ਪਹਿਲਾਂ ਜਾਂਚ ਕਰ ਲੈਣੀ ਚਾਹੀਦੀ ਹੈ।