ਮੁੱਖ ਮੰਤਰੀ ਰੇਖਾ ਗੁਪਤਾ ਨੇ ਯਮੁਨਾ ਘਾਟ ’ਤੇ ਛੱਠ ਪੂਜਾ ਕੀਤੀ
ਪੂਰਵਾਂਚਲ ਦੇ ਲੋਕਾਂ ਨੂੰ ਤਿਉਹਾਰ ਦੀ ਵਧਾਈ ਦਿੱਤੀ; ਕੈਬਨਿਟ ਮੰਤਰੀ ਰਹੇ ਮੌਜੂਦ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕੈਬਨਿਟ ਮੰਤਰੀਆਂ ਅਤੇ ਦਿੱਲੀ ਭਾਜਪਾ ਪ੍ਰਦੇਸ਼ ਆਗੂਆਂ ਨਾਲ ਯਮੁਨਾ ਘਾਟ ’ਤੇ ਛੱਠ ਪੂਜਾ ਵਿੱਚ ਸ਼ਿਰਕਤ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਮੰਗੋਲਪੁਰੀ ਦੇ ਛੱਠ ਪਾਰਕ ਵਿੱਚ ਪੂਜਾ ਕੀਤੀ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਹਰ ਘਰ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ। ਹਰ ਘਰ ਵਿੱਚ ਰੌਸ਼ਨੀ ਹੋਵੇ। ਇਸ ਦੌਰਾਨ ਪੂਰਵਾਂਚਲ ਭਾਈਚਾਰੇ ਨੂੰ ਛੱਠ ਦੀ ਵਧਾਈ ਵੀ ਦਿੱਤੀ। ਇਸ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ, ‘‘ਮੈਂ ਛੱਠੀ ਮਈਆ ਨੂੰ ਪ੍ਰਾਰਥਨਾ ਕਰਦੀ ਹਾਂ ਕਿ ਉਨ੍ਹਾਂ ਦੇ ਬੇਅੰਤ ਆਸ਼ੀਰਵਾਦ ਨਾਲ, ਦਿੱਲੀ ਖੁਸ਼, ਖੁਸ਼ਹਾਲ ਅਤੇ ਪ੍ਰਗਤੀਸ਼ੀਲ ਰਹੇ। ਅੱਜ, ਮੈਂ ਮੰਗੋਲਪੁਰੀ ਦੇ ਛੱਠ ਪਾਰਕ ਵਿੱਚ ਲੋਕ ਵਿਸ਼ਵਾਸ ਦੇ ਮਹਾਨ ਤਿਉਹਾਰ ਛੱਠ ਪੂਜਾ ਦੀ ਚਮਕ, ਸ਼ਰਧਾ ਅਤੇ ਦਿਵਤਾ ਦਾ ਅਨੁਭਵ ਕੀਤਾ।’’ ਇਸ ਦੌਰਾਨ ਦਿੱਲੀ ਭਾਜਪਾ ਦੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ, ਸੰਸਦ ਮੈਂਬਰ ਯੋਗੇਂਦਰ ਚੰਦੋਲੀਆ ਤੇ ਵਿਧਾਇਕ ਰਾਜਕੁਮਾਰ ਚੌਹਾਨ ਨੇ ਇਸ ਪਵਿੱਤਰ ਤਿਉਹਾਰ ਵਿੱਚ ਹਿੱਸਾ ਲਿਆ।
ਅਲੀਪੁਰ ਵਾਸੀਆਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਮੁਜ਼ਾਹਰਾ
ਨਰੇਲਾ ਹਲਕੇ ਦੇ ਅਲੀਪੁਰ ਪਿੰਡ ਦੇ ਲੋਕਾਂ ਨੇ ਦਿੱਲੀ ਪ੍ਰਸ਼ਾਸਨ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਲਗਾਏ ਅਤੇ ਦੋਸ਼ ਲਾਇਆ ਕਿ ਵਾਅਦਾ ਕਰਨ ਦੇ ਬਾਵਜੂਦ ਛੱਠ ਪੂਜਾ ਕਰਨ ਵਾਲਿਆਂ ਲਈ ਯੋਗ ਸਹੂਲਤਾਂ ਨਹੀਂ ਦਿੱਤੀਆਂ। ਪਿੰਡ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਘਾਟਾਂ ਉੱਪਰ ਸਾਰੀਆਂ ਸਹੂਲਤਾਂ ਸਵੇਰ ਵੇਲੇ ਮੁਹੱਈਆ ਕਰਵਾ ਦਿੱਤੀਆਂ ਜਾਂਦੀਆਂ ਸਨ ਪਰ ਇਸ ਵਾਰ ਅਧਿਕਾਰੀਆਂ ਵੱਲੋਂ ਵਾਅਦਾ ਕਰਨ ਦੇ ਬਾਵਜੂਦ ਦੇਰੀ ਕੀਤੀ ਗਈ। ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਔਰਤਾਂ ਵੀ ਸ਼ਾਮਲ ਸਨ।
‘ਆਪ’ ਵੱਲੋਂ ਦਿੱਲੀ ਸਰਕਾਰ ਦੀ ਨਿਖੇਧੀ
ਆਮ ਆਦਮੀ ਪਾਰਟੀ ਨੇ ਆਸਥਾ ਅਤੇ ਪਵਿੱਤਰਤਾ ਦੇ ਮਹਾਨ ਤਿਉਹਾਰ ਛੱਠ ਦੇ ਮੌਕੇ ’ਤੇ ਦਿੱਲੀ ਵਿੱਚ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹੀਆਂ ਰੱਖਣ ਲਈ ਭਾਜਪਾ ਸਰਕਾਰ ਦੀ ਆਲੋਚਨਾ ਕੀਤੀ। ‘ਆਪ’ ਦੇ ਦਿੱਲੀ ਰਾਜ ਕਨਵੀਨਰ ਸੌਰਭ ਭਾਰਦਵਾਜ ਨੇ ਕਿਹਾ ਕਿ ਭਾਜਪਾ ਦੀ ਨਕਲੀ ਸਨਾਤਨ ਸਰਕਾਰ ਦਿੱਲੀ ਵਿੱਚ ਨਕਲੀ ਏਕਿਊਆਈ ਅਤੇ ਨਕਲੀ ਯਮੁਨਾ ਬਣਾਉਣ ਲਈ ਜ਼ਿੰਮੇਵਾਰ ਹੈ। ਭਾਜਪਾ ਸਰਕਾਰ ਨੇ ਛੱਠ ਤਿਉਹਾਰ ‘ਤੇ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਖੋਲ੍ਹੀਆਂ, ਜਦੋਂ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੌਰਾਨ, ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਬੰਦ ਰਹੀਆਂ। ਹੁਣ ਦਿੱਲੀ ਵਿੱਚ ਇਸ ਨਕਲੀ ਸਨਾਤਨ ਸਰਕਾਰ ਦੇ ਆਉਣ ਨਾਲ, ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਦੁਬਾਰਾ ਖੁੱਲ੍ਹ ਗਈਆਂ ਹਨ। ਆਸਥਾ ਅਤੇ ਪਵਿੱਤਰਤਾ ਵਰਗੇ ਸ਼ਬਦ ਹੁਣ ਭਾਜਪਾ ਸਰਕਾਰ ਦੇ ਮੂੰਹੋਂ ਨਕਲੀ ਲੱਗਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੂਰਵਾਂਚਲੀ ਭਾਈਚਾਰੇ ਦੀ ਆਸਥਾ ਦਾ ਅਪਮਾਨ ਕੀਤਾ ਹੈ।

