ਨੱਗਲ ਖੇਤਰ ’ਚ ਹੜ੍ਹ ਦੇ ਪਾਣੀ ਦਾ ਜਾਇਜ਼ਾ ਲੈਣ ਪੁੱਜੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਅੰਬਾਲਾ ਜ਼ਿਲ੍ਹੇ ਦੇ ਨੱਗਲ ਅਤੇ ਹਸਨਪੁਰ ਨੇੜੇ ਹੜ੍ਹ ਦੇ ਪਾਣੀ ਕਾਰਨ ਬਣੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਪ੍ਰਭਾਵਿਤ ਕਿਸਾਨਾਂ ਨਾਲ ਮਿਲ ਕੇ ਖੇਤਾਂ ਅਤੇ ਫ਼ਸਲਾਂ ਦੇ ਨੁਕਸਾਨ ਬਾਰੇ ਜਾਣਕਾਰੀ ਲਈ।
ਮੁੱਖ ਮੰਤਰੀ ਦੇ ਨਾਲ ਸਾਬਕਾ ਰਾਜ ਮੰਤਰੀ ਅਸੀਮ ਗੋਇਲ, ਭਾਜਪਾ ਜ਼ਿਲ੍ਹਾ ਪ੍ਰਧਾਨ ਮਨਦੀਪ ਰਾਣਾ, ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਅਤੇ ਐਸਪੀ ਅਜੀਤ ਸਿੰਘ ਸ਼ੇਖਾਵਤ ਮੌਜੂਦ ਸਨ।
ਸਾਬਕਾ ਮੰਤਰੀ ਅਸੀਮ ਗੋਇਲ ਨੇ ਦੱਸਿਆ ਕਿ ਟਾਂਗਰੀ ਨਦੀ ਅਤੇ ਬਰਸਾਤੀ ਪਾਣੀ ਦੇ ਗੰਦੇ ਨਾਲੇ ਵਿਚ ਦਾਖਲ ਹੋਣ ਕਾਰਨ ਲਗਭਗ 40 ਪਿੰਡ ਪ੍ਰਭਾਵਿਤ ਹਨ।
ਡੀਸੀ ਨੇ ਕਿਹਾ ਕਿ ਅੰਬਾਲਾ ਸ਼ਹਿਰ ਤਹਿਸੀਲ ਦੇ ਕਰੀਬ 28 ਹਜ਼ਾਰ ਏਕੜ ਖੇਤਰ ਵਿੱਚ ਪਾਣੀ ਖੜ੍ਹਾ ਹੋ ਗਿਆ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਇਲਾਕੇ ਦੀ ਡਰੇਨੇਜ਼ ਯੋਜਨਾ ਤਿਆਰ ਕਰਕੇ ਸਥਾਈ ਹੱਲ ਕੱਢਿਆ ਜਾਵੇ।
ਸਿੰਚਾਈ ਵਿਭਾਗ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਗਰੈਵਿਟੀ ਨਾਲ ਪਾਣੀ ਦੀ ਨਿਕਾਸੀ ਜਾਰੀ ਹੈ ਨਾਲ ਹੀ ਵਾਧੂ ਮੋਟਰਾਂ ਲਗਾਕੇ ਪ੍ਰਕਿਰਿਆ ਤੇਜ਼ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਸੇਗਤੀ ਪਿੰਡ ਨੇੜੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਵੀ ਜਾਇਜ਼ਾ ਲਿਆ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਈ-ਖ਼ਸਤੀ ਪੋਰਟਲ ’ਤੇ ਨੁਕਸਾਨ ਦਰਜ ਕਰਨ ਵਾਲੇ ਕਿਸਾਨਾਂ ਨੂੰ ਨਿਯਮਾਂ ਅਨੁਸਾਰ ਮੁਆਵਜ਼ਾ ਮੁਹੱਈਆ ਕਰਵਾਇਆ ਜਾਵੇਗਾ।