ਪੱਤਰ ਪ੍ਰੇਰਕ
ਫਰੀਦਾਬਾਦ, 19 ਜੂਨ
ਇੱਥੋਂ ਦੇ ਸੈਕਟਰ-84 ਸਥਿਤ ਪੁਰੀ ਪ੍ਰਥਮ ਸੁਸਾਇਟੀ ਦੀ ਰਹਿਣ ਵਾਲੀ ਔਰਤ ਨੇ ਸਾਈਬਰ ਪੁਲੀਸ ਸਟੇਸ਼ਨ ਸੈਂਟਰਲ ਵਿੱਚ ਦਰਜ ਕਰਵਾਈ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ 21 ਸਤੰਬਰ 2024 ਨੂੰ ਉਸ ਨੂੰ ਜੀਈਪੀਐੱਲ ਕੈਪੀਟਲ ਪ੍ਰਾਈਵੇਟ ਲਿਮਟਿਡ ਕੰਪਨੀ ਵਿੱਚ ਸ਼ਾਮਲ ਹੋਣ ਦਾ ਸੁਨੇਹਾ ਮਿਲਿਆ। ਫਿਰ ਉਸ ਨੂੰ 132-ਜੀਈਪੀਐੱਲ ਏਲੀਟ ਇਨਵੈਸਟਰ ਵਟਸਐਪ ਗਰੁੱਪ ਵਿੱਚ ਸ਼ਾਮਲ ਕਰ ਲਿਆ ਗਿਆ। ਇੱਥੇ ਧੋਖੇਬਾਜ਼ ਵਪਾਰ ਬਾਰੇ ਜਾਣਕਾਰੀ ਦਿੰਦੇ ਸਨ ਅਤੇ ਚੰਗੇ ਮੁਨਾਫ਼ੇ ਦਾ ਲਾਲਚ ਦਿੰਦੇ ਸਨ। ਫਿਰ ਧੋਖੇਬਾਜ਼ਾਂ ਨੇ ਸ਼ਿਕਾਇਤਕਰਤਾ ਨੂੰ ਇੱਕ ਐਪ ਡਾਊਨਲੋਡ ਕਰਨ ਲਈ ਇੱਕ ਲਿੰਕ ਭੇਜਿਆ ਅਤੇ ਉਸ ਨੂੰ ਐਪ ਡਾਊਨਲੋਡ ਕਰਨ ਅਤੇ ਆਪਣਾ ਖਾਤਾ ਖੋਲ੍ਹਣ ਲਈ ਕਿਹਾ। ਇਸ ਤੋਂ ਬਾਅਦ ਧੋਖੇਬਾਜ਼ਾਂ ਨੇ ਸਟਾਕ ਅਤੇ ਆਈਪੀਓ ਵਿੱਚ ਨਿਵੇਸ਼ ਦੇ ਨਾਮ ’ਤੇ ਖਾਤੇ ਵਿੱਚ 15,42,000/- ਰੁਪਏ ਜਮ੍ਹਾਂ ਕਰਵਾ ਲਏ। ਜਦੋਂ ਸ਼ਿਕਾਇਤਕਰਤਾ ਨੇ ਪੈਸੇ ਕਢਵਾਉਣ ਲਈ ਕਿਹਾ ਤਾਂ ਕਮਿਸ਼ਨ ਵਜੋਂ 10,93,476/- ਰੁਪਏ ਦੀ ਮੰਗ ਕੀਤੀ ਗਈ। ਇਹ ਭੁਗਤਾਨ ਕਰਨ ਤੋਂ ਬਾਅਦ ਵੀ ਸ਼ਿਕਾਇਤਕਰਤਾ ਨੂੰ ਕੋਈ ਪੈਸਾ ਵਾਪਸ ਨਹੀਂ ਕੀਤਾ ਗਿਆ। ਅਜਿਹਾ ਕਰਕੇ, ਸ਼ਿਕਾਇਤਕਰਤਾ ਨਾਲ ਕੁੱਲ 26,35,476/- ਰੁਪਏ ਦੀ ਠੱਗੀ ਮਾਰੀ ਗਈ। ਇਸ ਸ਼ਿਕਾਇਤ ’ਤੇ ਸਾਈਬਰ ਥਾਣਾ ਸੈਂਟਰਲ ਵਿੱਚ ਕੇਸ ਦਰਜ ਕੀਤਾ ਗਿਆ ਸੀ। ਸਾਈਬਰ ਥਾਣਾ ਸੈਂਟਰਲ ਦੀ ਟੀਮ ਨੇ ਨਿਖਿਲ ਵਾਸੀ ਮਾਸਟਰ ਕਲੋਨੀ, ਨਿਊ ਸ਼ਿਵਪੁਰੀ ਲੁਧਿਆਣਾ, ਪੰਜਾਬ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਫੋਟੋਗ੍ਰਾਫਰ ਵਜੋਂ ਕੰਮ ਕਰਦਾ ਹੈ ਅਤੇ ਕਰਿਆਨੇ ਦੀ ਦੁਕਾਨ ਵੀ ਚਲਾਉਂਦਾ ਹੈ। ਉਸ ਨੂੰ ਪੁੱਛਗਿੱਛ ਲਈ 4 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਲਿਆ ਗਿਆ ਹੈ।