ਘੰਟਾ ਭਰ ਪਏ ਭਰਵੇਂ ਮੀਂਹ ਮਗਰੋਂ ਚੰਡੀਗੜ੍ਹ ਜਲ-ਥਲ
ਆਤਿਸ਼ ਗੁਪਤਾ
ਚੰਡੀਗੜ੍ਹ, 13 ਜੁਲਾਈ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਅੱਜ ਇੱਕ ਘੰਟੇ ਪਏ ਮੀਂਹ ਨੇ ਸਾਰੇ ਸ਼ਹਿਰ ਨੂੰ ਜਲ-ਥਲ ਕਰਕੇ ਰੱਖ ਦਿੱਤਾ ਹੈ। ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਖੜਾ ਹੋਣ ਕਰਕੇ ਲੋਕਾਂ ਨੂੰ ਵਾਹਨ ਚਲਾਉਣ ਸਮੇਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਕਈ ਲੋਕਾਂ ਦੇ ਵਾਹਨ ਵੀ ਪਾਣੀ ਵਿੱਚ ਬੰਦ ਹੋ ਗਏ। ਉੱਧਰ ਸ਼ਹਿਰ ਵਿੱਚ ਟੁੱਟੀਆਂ ਪਈਆਂ ਸੜਕਾਂ ਕਰਕੇ ਵੀ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿੱਚ ਸਵੇਰ ਤੋਂ ਹੀ ਬੱਦਲਵਾਈ ਸੀ ਅਤੇ ਦੁਪਹਿਰ ਨੂੰ ਦੋ ਵਜੇ ਦੇ ਕਰੀਬ ਅਚਾਨਕ ਮੀਂਹ ਸ਼ੁਰੂ ਹੋ ਗਿਆ ਅਤੇ ਇੱਕ ਘੰਟਾ ਜ਼ੋਰਦਾਰ ਮੀਂਹ ਪਿਆ। ਚੰਡੀਗੜ੍ਹ ’ਚ ਅੱਜ 19.5 ਐੱਮਐੱਮ ਮੀਂਹ ਪਿਆ ਹੈ। ਮੀਂਹ ਕਰਕੇ ਸ਼ਹਿਰ ਲੋਕਾਂ ਨੇ ਅਤਿ ਦੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਪਰ ਦੂਜੇ ਪਾਸੇ ਇਹ ਮੀਂਹ ਲੋਕਾਂ ਲਈ ਆਫਤ ਵੀ ਬਣ ਗਿਆ ਹੈ। ਪਿਛਲੇ ਦਿਨੀਂ ਮੀਂਹ ਕਰਕੇ ਸ਼ਹਿਰ ਵਿੱਚ ਧਸੀਆਂ ਕੁਝ ਸੜਕਾਂ ਦੀ ਹਾਲੇ ਤੱਕ ਪੂਰੀ ਤਰ੍ਹਾਂ ਮੁਰੰਮਤ ਨਾ ਹੋਣ ਕਰਕੇ ਲੋਕਾਂ ਨੂੰ ਸੜਕਾਂ ਤੋਂ ਲੰਘਣ ’ਚ ਔਖ ਹੋਈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਹਿਰ ਵਿੱਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 27.1 ਡਿਗਰੀ ਸੈਲਸੀਅਸ ਦਰਜ ਕੀਤਾ ਹੈ।
ਮੌਸਮ ਵਿਗਿਆਨੀਆਂ ਨੇ 14 ਜੁਲਾਈ ਨੂੰ ਵੀ ਸ਼ਹਿਰ ਵਿੱਚ ਟੁੱਟਵਾਂ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਦੂਜੇ ਪਾਸੇ ਸ਼ਹਿਰ ਵਿੱਚ ਦਿਨ ਸਮੇਂ ਮੀਂਹ ਪੈਣ ਕਰਕੇ ਸ਼ਾਮ ਸਮੇਂ ਮੌਸਮ ਸੁਹਾਵਣਾ ਹੋ ਗਿਆ, ਜਿਸ ਕਰਕੇ ਸ਼ਾਮ ਨੂੰ ਵੱਡੀ ਗਿਣਤੀ ਵਿੱਚ ਲੋਕ ਸੁਖਨਾ ਝੀਲ, ਰੌਕ ਗਾਰਡਨ ਤੇ ਰੋਜ਼ ਗਾਰਡਨ ਸਣੇ ਹੋਰਨਾਂ ਘੁੰਮਣ ਵਾਲੀਆਂ ਥਾਵਾਂ ’ਤੇ ਪਹੁੰਚ ਕੇ ਮੌਸਮ ਦਾ ਆਨੰਦ ਮਾਣ ਰਹੇ ਸਨ।
ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੇੜੇ
ਚੰਡੀਗੜ੍ਹ ਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਰੁਕ-ਰੁਕ ਕੇ ਪੈ ਰਹੇ ਮੀਂਹ ਕਰਕੇ ਸੁਖਨਾ ਝੀਲ ਵਿੱਚ ਵੀ ਪਾਣੀ ਲਗਾਤਾਰ ਵਧਦਾ ਜਾ ਰਿਹਾ ਹੈ। ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੇੜੇ ਪਹੁੰਚ ਗਿਆ ਹੈ। ਅੱਜ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ 1161.6 ਫੁੱਟ ਦਰਜ ਕੀਤਾ ਗਿਆ ਹੈ, ਜਦੋਂ ਕਿ ਖਤਰੇ ਦਾ ਨਿਸ਼ਾਨ 1163 ਫੁੱਟ ’ਤੇ ਹੈ। ਦੂਜੇ ਪਾਸੇ ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ ਵਿੱਚ ਪਾਣੀ ਦੇ ਪੱਧਰ ’ਤੇ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਲਈ ਪ੍ਰਸ਼ਾਸਨ ਵੱਲੋਂ ਤਿੰਨ ਸ਼ਿਫਟਾਂ ਵਿੱਚ ਮੁਲਾਜ਼ਮਾਂ ਨੂੰ ਉੱਥੇ ਤਾਇਨਾਤ ਕੀਤਾ ਗਿਆ ਹੈ।
ਅੰਬਾਲਾ ’ਚ ਮੀਂਹ ਮਗਰੋਂ ਗਰਮੀ ਤੋਂ ਰਾਹਤ
ਅੰਬਾਲਾ (ਰਤਨ ਸਿੰਘ ਢਿੱਲੋਂ): ਅੰਬਾਲਾ ਜ਼ਿਲ੍ਹੇ ਵਿੱਚ ਸ਼ਾਮ 5 ਵਜੇ ਕਈ ਥਾਵਾਂ ’ਤੇ ਭਾਰੀ ਮੀਂਹ ਪਿਆ, ਜਿਸ ਮਗਰੋਂ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ। ਦਿਨ ਭਰ ਤਿੱਖੀ ਧੁੱਪ ਮਗਰੋਂ ਸ਼ਾਮ ਕਰੀਬ 4:45 ਵਜੇ ਅਸਮਾਨ ’ਤੇ ਸੰਘਣੇ ਬੱਦਲ ਛਾ ਗਏ ਅਤੇ ਮੀਂਹ ਪੈਣ ਲੱਗ ਪਿਆ। ਅੰਬਾਲਾ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਮੀਂਹ ਪਿਆ ਪਰ ਅੰਬਾਲਾ ਛਾਉਣੀ ਖੇਤਰ ਖ਼ੁਸ਼ਕ ਰਿਹਾ। ਅੱਜ ਘੱਟੋ-ਘੱਟ ਤਾਪਮਾਨ 27.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਅਨੁਸਾਰ ਅੰਬਾਲਾ, ਬਰਾੜਾ ਅਤੇ ਨਰਾਇਣਗੜ੍ਹ ਵਿੱਚ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ।