ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਨੂੰ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਦੇ ਪਾਬੰਦ ਬਣਾਉਣ ਲਈ ਸ਼ੁਰੂ ਕਈ ਗਈ ਅਨੋਖੀ ਪਹਿਲ ਸਦਕਾ ਅੱਜ ਜਨਤਕ ਥਾਵਾਂ ਉਤੇ ਕੂੜਾ ਸੁੱਟਣ ਵਾਲਿਆਂ ਨੂੰ ਸ਼ਰਮਿੰਦਾ ਕੀਤਾ ਗਿਆ। ਨਿਗਮ ਦੀ ਟੀਮ ਕੂੜਾ ਵਾਪਸ ਲੈ ਕੇ ਢੋਲ-ਢਮੱਕੇ ਵਜਾਉਂਦੇ ਹੋਏ ਕੂੜਾ ਸੁੱਟਣ ਵਾਲਿਆਂ ਦੇ ਘਰ ਪਹੁੰਚੀ ਅਤੇ ਸਬੰਧਿਤ ਨੂੰ ਕੂੜਾ ਵਾਪਸ ਕੀਤਾ ਗਿਆ।
ਕਮਿਸ਼ਨਰ ਅਮਿਤ ਕੁਮਾਰ ਆਈ ਏ ਐੱਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ੁਰੂ ਕੀਤੀ ਗਈ ਅਨੋਖੀ ਮੁਹਿੰਮ ਤਹਿਤ ਨਾਗਰਿਕਾਂ ਨੂੰ ਖੁੱਲ੍ਹੇ ਖੇਤਰਾਂ ਵਿੱਚ ਕੂੜਾ ਸੁੱਟਣ ਵਾਲੇ ਵਿਅਕਤੀਆਂ ਦੀਆਂ ਫੋਟੋਆਂ ਖਿੱਚਣ ਅਤੇ ਨਗਰ ਨਿਗਮ ਐਪ ਰਾਹੀਂ ਸਥਾਨ ਦੇ ਵੇਰਵੇ ਜਮ੍ਹਾਂ ਕਰਵਾਉਣ ਲਈ ਉਤਸ਼ਾਹਿਤ ਕੀਤਾ ਗਿਆ। ਇਲਾਕਾ ਇੰਸਪੈਕਟਰ ਵੱਲੋਂ ਤਸਦੀਕ ਕਰਨ ਤੋਂ ਬਾਅਦ, ਉਲੰਘਣਾ ਕਰਨ ਵਾਲਿਆਂ ਨੂੰ ਚਲਾਨ ਜਾਰੀ ਕੀਤੇ ਗਏ। ਜਨਤਕ ਥਾਵਾਂ ਉਤੇ ਕੂੜਾ ਸੁੱਟਣ ਵਾਲਿਆਂ ਦੀ ਸੂਚਨਾ ਦੇਣ ਵਾਲਿਆਂ ਨੂੰ ਪ੍ਰੇਰਿਤ ਕਰਨ ਲਈ ਹਰੇਕ ਤਸਦੀਕਸ਼ੁਦਾ ਰਿਪੋਰਟ ਲਈ ਇਨਾਮ ਵੀ ਦਿੱਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਮਨੀਮਾਜਰਾ ਖੇਤਰ ਦੇ ਵਾਰਡ ਨੰਬਰ 5 ਮੋਰੀ ਗੇਟ ਤੇ ਵਾਰਡ ਨੰਬਰ 6 ਗੋਵਿੰਦਪੁਰਾ ਵਿੱਚ ਇੱਕ ਵਿਲੱਖਣ ਗਤੀਵਿਧੀ ਚਲਾਈ ਗਈ। ਰਵਾਇਤੀ ਢੋਲ-ਨਗਾਰੇ ਦੇ ਨਾਲ ਅਧਿਕਾਰੀ ਨਗਰ ਨਿਗਮ ਸੈਨੇਟਰੀ ਇੰਸਪੈਕਟਰ ਦਵਿੰਦਰ ਰੋਹਿਲਾ ਦੀ ਅਗਵਾਈ ਹੇਠ ਕੂੜਾ ਸੁੱਟਦੇ ਫੜੇ ਗਏ ਵਿਅਕਤੀਆਂ ਦੇ ਘਰਾਂ ਵਿੱਚ ਪਹੁੰਚੇ ਜਿੱਥੇ ਉਨ੍ਹਾਂ ਕੂੜਾ ਸੁੱਟਣ ਵਾਲਿਆਂ ਨੂੰ ਜਨਤਕ ਤੌਰ ’ਤੇ ਸ਼ਰਮਿੰਦਾ ਕੀਤਾ ਅਤੇ ਕੂੜਾ ਮੋੜਦਿਆਂ ਮੌਕੇ ’ਤੇ ਚਲਾਨ ਕੱਟੇ। ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਆਈ ਏ ਐੱਸ ਨੇ ਸ਼ਹਿਰ ਨਿਵਾਸੀਆਂ ਨੂੰ ਜਨਤਕ ਥਾਵਾਂ ’ਤੇ ਕੂੜਾ ਸੁੱਟਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ।

