DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗ਼ੈਰ ਪੰਜਾਬੀਆਂ ਨੂੰ ਸੌਂਪੀ ਦੋ ਬੋਰਡਾਂ ਦੀ ਚੇਅਰਮੈਨੀ

ਪੰਜਾਬ ਦਾ ਸਿਆਸੀ ਮਾਹੌਲ ਭਖਿਆ; ਵਿਰੋਧੀ ਧਿਰਾਂ ਵੱਲੋਂ ਸਰਕਾਰ ਦੀ ਘੇਰਾਬੰਦੀ
  • fb
  • twitter
  • whatsapp
  • whatsapp
Advertisement

ਚਰਨਜੀਤ ਭੁੱਲਰ

ਚੰਡੀਗੜ੍ਹ, 19 ਮਈ

Advertisement

ਪੰਜਾਬ ਸਰਕਾਰ ਨੇ ਅੱਜ ਵੱਖ ਵੱਖ ਬੋਰਡਾਂ ਦੇ ਨਵੇਂ ਅੱਧੀ ਦਰਜਨ ਚੇਅਰਮੈਨ ਨਿਯੁਕਤ ਕੀਤੇ ਹਨ ਜਿਨ੍ਹਾਂ ’ਚ ਦੋ ਗ਼ੈਰ ਪੰਜਾਬੀ ਚਿਹਰੇ ਵੀ ਹਨ। ‘ਆਪ’ ਦੀ ਦਿੱਲੀ ਲੀਡਰਸ਼ਿਪ ਦੇ ਕਰੀਬੀ ਤੇ ਪਾਰਟੀ ’ਚ ਕੰਮ ਕਰਦੇ ਦੋ ਚਿਹਰਿਆਂ ਦੀ ਚੇਅਰਮੈਨ ਵਜੋਂ ਨਿਯੁਕਤੀ ਮਗਰੋਂ ਪੰਜਾਬ ਦੀ ਸਿਆਸਤ ਭਖ ਗਈ ਹੈ। ‘ਆਪ’ ਦੀ ਕੌਮੀ ਤਰਜਮਾਨ ਰੀਨਾ ਗੁਪਤਾ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਲਾਇਆ ਗਿਆ ਹੈ ਜਦਕਿ ਸੰਸਦ ਮੈਂਬਰ ਸੰਦੀਪ ਪਾਠਕ ਦੇ ਨੇੜਲੇ ਦੀਪਕ ਚੌਹਾਨ ਨੂੰ ‘ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ’ ਦਾ ਚੇਅਰਮੈਨ ਲਾਇਆ ਗਿਆ ਹੈ। ਦੀਪਕ ਚੌਹਾਨ ਉੱਤਰ ਪ੍ਰਦੇਸ਼ ਦੇ ਬਾਸ਼ਿੰਦੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਬੋਰਡਾਂ ਤੇ ਨਿਗਮਾਂ ਦੇ ਪੰਜ ਚੇਅਰਮੈਨ, ਦੋ ਵਾਈਸ ਚੇਅਰਮੈਨ, 17 ਡਾਇਰੈਕਟਰ ਅਤੇ ਸੱਤ ਮੈਂਬਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਨ੍ਹਾਂ 31 ਅਹੁਦਿਆਂ ਤੋਂ ਇਲਾਵਾ ਸਾਇੰਸ ਤੇ ਤਕਨਾਲੋਜੀ ਵਿਭਾਗ ਨੇ ਰੀਨਾ ਗੁਪਤਾ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਨਿਯੁਕਤ ਕਰਨ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਰੀਨਾ ਗੁਪਤਾ ‘ਆਪ’ ਦੀ ਸਾਬਕਾ ਪਾਰਟੀ ਸਕੱਤਰ ਵਜੋਂ ਵੀ ਕੰਮ ਕਰ ਚੁੱਕੀ ਹੈ। ਵਿਰੋਧੀ ਧਿਰਾਂ ਨੇ ਹਾਕਮ ਧਿਰ ’ਤੇ ਬਾਹਰੀ ਲੋਕਾਂ ਦੇ ਪੰਜਾਬ ਦੀ ਵਾਗਡੋਰ ਸੰਭਾਲਣ ਦੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਹਨ।

ਨਵੀਂ ਚੇਅਰਪਰਸਨ ਰੀਨਾ ਗੁਪਤਾ ਕਈ ਮੌਕਿਆਂ ’ਤੇ ਪੰਜਾਬ ’ਚ ਪਰਾਲੀ ਸਾੜਨ ’ਤੇ ਕਾਬੂ ਪਾਉਣ ’ਚ ਪਿਛਲੀ ਕਾਂਗਰਸ ਸਮੇਂ ਦਿਖਾਈ ਗਈ ਨਾਕਾਮੀ ’ਤੇ ਵੀ ਬੋਲ ਚੁੱਕੀ ਹੈ। ਰੀਨਾ ਗੁਪਤਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਪਹਿਲੀ ਮਹਿਲਾ ਚੇਅਰਪਰਸਨ ਹੋਵੇਗੀ। ਉਸ ਤੋਂ ਪਹਿਲਾਂ ਪ੍ਰੋ. ਆਦਰਸ਼ ਪਾਲ ਵਿੱਜ ਚੇਅਰਮੈਨ ਸਨ। ਪਿਛਲੇ ਸਮਿਆਂ ਵਿੱਚ ਬੋਰਡ ਦੀ ਚੇਅਰਮੈਨੀ ਦੀ ਵਾਗਡੋਰ ਅੱਠ ਆਈਏਐੱਸ ਅਧਿਕਾਰੀਆਂ ਕੋਲ ਵੀ ਰਹੀ ਹੈ।

ਸਾਬਕਾ ਕਾਂਗਰਸੀ ਮੰਤਰੀ ਪਰਗਟ ਸਿੰਘ ਨੇ ਕਿਹਾ ਹੈ ਕਿ ਪਹਿਲਾਂ ਜਲ ਐਕਟ ’ਚ ਸੋਧ ਮੌਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਗਿਆ ਅਤੇ ਹੁਣ ਦਿੱਲੀ ਦੇ ਰੱਦ ਕੀਤੇ ਲੋਕਾਂ ਦੇ ਸਲਾਹਕਾਰਾਂ ਨੂੰ ਪੰਜਾਬ ਵਿੱਚ ਨਿਵਾਜਿਆ ਜਾ ਰਿਹਾ ਹੈ ਜੋ ਪੰਜਾਬ ਦੇ ਲੋਕਾਂ ਨਾਲ ਸਰਾਸਰ ਧੋਖਾ ਹੈ। ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੀ ਸਨਅਤ ਨੂੰ ਕੰਟਰੋਲ ਕਰਨ ਵਾਸਤੇ ਦਿੱਲੀ ਦੀ ਰੀਨਾ ਗੁਪਤਾ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਨ੍ਹਾਂ ਤੋਂ ਇਲਾਵਾ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਇਹ ਦਿੱਲੀ ਦੀ ‘ਆਪ’ ਲੀਡਰਸ਼ਿਪ ਦਾ ਪੰਜਾਬ ਨੂੰ ਲੁੱਟਣ ਦਾ ਨਵਾਂ ਤਰੀਕਾ ਹੈ।

ਪੰਜਾਬ ਨੂੰ ਅਸਲ ਬਦਲਾਅ ਦਿਖਾਇਆ ਗਿਆ: ਪ੍ਰਗਟ ਸਿੰਘ

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਨ੍ਹਾਂ ਨਿਯੁਕਤੀਆਂ ’ਤੇ ਸੂਬਾ ਸਰਕਾਰ ਦੀ ਘੇਰਾਬੰਦੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰੀਨਾ ਗੁਪਤਾ ਤੇ ਦੀਪਕ ਚੌਹਾਨ ਦੀ ਨਿਯੁਕਤੀ ਨੇ ਪੰਜਾਬ ਨੂੰ ਅਸਲ ‘ਬਦਲਾਅ’ ਦਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਤੋਂ ਭਾਈ-ਭਤੀਜਾਵਾਦ ਵੀ ਸਾਫ਼ ਦਿਖ ਰਿਹਾ ਹੈ ਅਤੇ ਇਹ ਅਹੁਦੇ ਗ਼ੈਰ ਪੰਜਾਬੀ ਲੋਕਾਂ ਨੂੰ ਦਿੱਤੇ ਗਏ ਹਨ। ਨਾ ਕੋਈ ਮੈਰਿਟ ਦੇਖੀ ਗਈ ਹੈ ਅਤੇ ਨਾ ਹੀ ਤਜਰਬਾ।

ਸਨਅਤਾਂ ਨੂੰ ਲੁੱਟਣ ਦੀ ਨੀਅਤ: ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਿੱਪਣੀ ਕੀਤੀ ਹੈ ਕਿ ਮੁੱਖ ਮੰਤਰੀ ਨੇ ਸੱਤਾ ਵਿੱਚ ਬਣੇ ਰਹਿਣ ਲਈ ਅਜਿਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਦੋ ਅਹਿਮ ਅਹੁਦੇ ਕੇਜਰੀਵਾਲ ਤੇ ਸੰਦੀਪ ਪਾਠਕ ਦੇ ਨੇੜਲਿਆਂ ਹਵਾਲੇ ਕਰ ਦਿੱਤੇ ਗਏ ਹਨ। ਪਹਿਲਾਂ ਅਜਿਹਾ ਕਦੇ ਵੀ ਨਹੀਂ ਹੋਇਆ ਹੈ। ਬਾਦਲ ਨੇ ਕਿਹਾ ਕਿ ਸਾਫ਼ ਹੋ ਗਿਆ ਹੈ ਕਿ ‘ਆਪ’ ਦੀ ਦਿੱਲੀ ਲੀਡਰਸ਼ਿਪ ਪੰਜਾਬ ਦੀ ਸਨਅਤ ਨੂੰ ਲੁੱਟਣਾ ਚਾਹੁੰਦੀ ਹੈ।

ਭਗਵੰਤ ਮਾਨ ਨੇ ਕੇਜਰੀਵਾਲ ਅੱਗੇ ਗੋਡੇ ਟੇਕੇ: ਜਾਖੜ

ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਅੱਗੇ ਗੋਡੇ ਟੇਕ ਦਿੱਤੇ ਹਨ ਅਤੇ ‘ਆਪ’ ਵਿਧਾਇਕਾਂ ਦੀ ਜ਼ਮੀਰ ਮਰ ਗਈ ਹੈ। ਇਨ੍ਹਾਂ ਨਿਯੁਕਤੀਆਂ ਨੇ ‘ਆਪ’ ਦੀ ਪੋਲ ਖੋਲ੍ਹ ਦਿੱਤੀ ਹੈ ਅਤੇ ਦਿੱਲੀ ਦੇ ਵਧ ਰਹੇ ਦਾਖਲ ਕਾਰਨ ਹੁਣ ਪੰਜਾਬ ਦੀ ‘ਆਪ’ ਲੀਡਰਸ਼ਿਪ ਵਿੱਚ ਜਲਦੀ ਵਿਵਾਦ ਖੜ੍ਹਾ ਹੋਵੇਗਾ।

Advertisement
×