ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਦੀ ਕਾਮਨ ਐਲਿਜੀਬਿਲਟੀ ਪ੍ਰੀਖਿਆ (ਸੀਈਟੀ) ਅੱਜ ਮੁਕੰਮਲ ਹੋ ਗਈ। ਇਹ ਪ੍ਰੀਖਿਆ ਚੰਡੀਗੜ੍ਹ ਵਿਚ 153 ਕੇਂਦਰਾਂ ਵਿੱਚ ਕਰਵਾਈ ਗਈ, ਜਿਸ ਲਈ ਸਖਤ ਸੁਰੱਖਿਆ ਪ੍ਰਬੰਧ ਦੂਜੇ ਦਿਨ ਵੀ ਕੀਤੇ ਗਏ। ਇਸ ਦੌਰਾਨ ਬੀਤੇ ਦਿਨ ਵਾਂਗ ਜਾਮ ਨਹੀਂ ਲੱਗੇ ਪਰ ਕਈ ਚੌਕਾਂ ਤੇ ਸੜਕਾਂ ’ਤੇ ਰਾਹਗੀਰਾਂ ਤੇ ਉਮੀਦਵਾਰਾਂ ਨੂੰ ਪ੍ਰੇਸ਼ਾਨ ਹੋਣਾ ਪਿਆ। ਪਹਿਲੀ ਸ਼ਿਫਟ ਤੇ ਦੂਜੀ ਸ਼ਿਫਟ ਦਰਮਿਆਨ ਤੇਜ਼ ਮੀਂਹ ਪਿਆ ਜਿਸ ਕਾਰਨ ਜਾਮ ਵੀ ਲੱਗਿਆ ਤੇ ਉਮੀਦਵਾਰਾਂ ਨੂੰ ਸਮੱਸਿਆ ਵੀ ਆਈ। ਉਮੀਦਵਾਰਾਂ ਅਨੁਸਾਰ ਅੱਜ ਦਾ ਪੇਪਰ ਬੀਤੇ ਦਿਨ ਨਾਲੋਂ ਸੌਖਾ ਆਇਆ ਪਰ ਕਈ ਜਣਿਆਂ ਨੇ ਕਿਹਾ ਕਿ ਗਣਿਤ ਦੇ ਔਖੇ ਸਵਾਲ ਪੁੱਛੇ ਗਏ ਸਨ।ਇਹ ਪ੍ਰੀਖਿਆ ਅੱਜ ਦੋ ਸ਼ਿਫਟਾਂ ਵਿੱਚ ਕਰਵਾਈ ਗਈ। ਪਹਿਲੀ ਸ਼ਿਫ਼ਟ ਸਵੇਰ ਦਸ ਵਜੇ ਤੋਂ ਪੌਣੇ ਬਾਰਾਂ ਵਜੇ ਸੀ ਤੇ ਇਸ ਸ਼ਿਫਟ ਤੇ ਦੂਜੀ ਸ਼ਿਫਟ ਦੇ ਸ਼ੁਰੂ ਹੋਣ ’ਤੇ ਹਾਊਸਿੰਗ ਬੋਰਡ ਚੌਕ, ਕਿਸਾਨ ਭਵਨ, ਸੈਕਟਰ43 ਚੌਕ ’ਤੇ ਕੁਝ ਸਮੇਂ ਲਈ ਜਾਮ ਲੱਗਿਆ। ਯਮੁਨਾਨਗਰ ਤੋਂ ਪ੍ਰੀਖਿਆ ਦੇਣ ਆਈ ਪਰਮਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਅੱਜ ਸਵੇਰ ਵੇਲੇ ਪੇਪਰ ਸੀ ਤੇ ਪੇਪਰ ਖਤਮ ਹੋਣ ਤੋਂ ਬਾਅਦ ਸੈਕਟਰ 42 ਤੋਂ ਜਦੋਂ ਉਹ ਸੈਕਟਰ 43 ਬੱਸ ਅੱਡੇ ਚੌਕ ਕੋਲ ਪੁੱਜੇ ਤਾਂ ਪੰਜ ਤੋਂ ਛੇ ਲਾਈਟਾਂ ਬਾਅਦ ਉਨ੍ਹਾਂ ਦੀ ਵਾਰੀ ਆਈ। ਇਸ ਤੋਂ ਬਾਅਦ ਸੈਕਟਰ 46 ਵਿਚ ਵੀ ਕੁਝ ਸਮਾਂ ਪ੍ਰੇਸ਼ਾਨੀ ਹੋਈ। ਇਕ ਹੋਰ ਉਮੀਦਵਾਰ ਦੇ ਰਿਸ਼ਤੇਦਾਰ ਅਮਨਿੰਦਰ ਸਿੰਘ ਨੇ ਦੱਸਿਆ ਕਿ ਅੱਜ ਪ੍ਰਸ਼ਾਸਨ ਨੇ ਸਭ ਇੰਤਜ਼ਾਮ ਠੀਕ ਕੀਤੇ ਸਨ ਤੇ ਉਨ੍ਹਾਂ ਨੂੰ ਸੈਕਟਰ 17 ਤੋਂ ਸੈਂਟਰ ਤਕ ਲਿਜਾਣ ਲਈ ਬੱਸਾਂ ਦੇ ਪ੍ਰਬੰਧ ਕੀਤੇ ਗਏ ਸਨ ਤੇ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਈ। ਦੂਜੀ ਸ਼ਿਫਟ ਦੀ ਪ੍ਰੀਖਿਆ ਸਵਾ ਤਿੰਨ ਵਜੇ ਤੋਂ ਪੰਜ ਵਜੇ ਤੱਕ ਕਰਵਾਈ ਗਈ। ਇਸ ਦੌਰਾਨ ਪ੍ਰੀਖਿਆ ਕੇਂਦਰ ਵਿਚ ਆਉਣ ਵਾਲਿਆਂ ਦੀ ਤਲਾਸ਼ੀ ਲਈ ਗਈ।ਸੈਕਟਰ 17 ਵਿੱਚ ਬੱਸਾਂ ਨਾ ਮਿਲਣ ’ਤੇ ਹੰਗਾਮਾਯੂਟੀ ਪ੍ਰਸ਼ਾਸਨ ਨੇ ਇਸ ਪ੍ਰੀਖਿਆ ਲਈ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰਾਂ ਤਕ ਪਹੁੰਚਾਉਣ ਦੇ ਸਾਰੇ ਪ੍ਰਬੰਧ ਕੀਤੇ ਸਨ। ਪ੍ਰਸ਼ਾਸਨ ਨੇ ਇਸ ਮੌਕੇ ਸਾਢੇ ਤਿੰਨ ਸੌ ਦੇ ਕਰੀਬ ਬੱਸਾਂ ਨੂੰ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਾਉਣ ਲਈ ਲਾਇਆ ਸੀ। ਇਹ ਬੱਸਾਂ ਸੈਕਟਰ 34 ਦੇ ਪ੍ਰਦਰਸ਼ਨੀ ਮੈਦਾਨ ਤੇ ਸੈਕਟਰ 17 ਤੋਂ ਚਲਾਈਆਂ ਗਈਆਂ ਪਰ ਸੈਕਟਰ 17 ਵਿੱਚ ਅੱਜ ਵੀਹ ਜਣਿਆਂ ਨੇ ਬੱਸਾਂ ਨਾ ਮਿਲਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਜਦੋਂ ਉਹ ਬੱਸ ਲੈਣ ਲਈ ਪੁੱਜੇ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਬੱਸਾਂ ਦੁਪਹਿਰ ਦੀ ਥਾਂ ਸ਼ਾਮ ਵੇਲੇ ਹੀ ਚੱਲਣਗੀਆਂ ਤੇ ਉਨ੍ਹਾਂ ਨੂੰ ਤਿੰਨ ਘੰਟੇ ਇੰਤਜ਼ਾਰ ਕਰਨਾ ਪਿਆ। ਇਸ ਮੌਕੇ ਉਨ੍ਹਾਂ ਨਾਅਰੇਬਾਜ਼ੀ ਵੀ ਕੀਤੀ। ਦੂਜੇ ਪਾਸੇ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਪ੍ਰਸ਼ਾਸਨ ਨੇ ਬੱਸਾਂ ਦੁਪਹਿਰ ਦੋ ਵਜੇ ਤਕ ਤੇ ਸ਼ਾਮ ਦੀ ਸ਼ਿਫਟ ਖਤਮ ਹੋਣ ਤੋਂ ਬਾਅਦ ਹੀ ਚਲਾਉਣੀਆਂ ਸਨ ਜਿਸ ਲਈ ਟਾਈਮ ਟੇਬਲ ਲਾਇਆ ਹੋਇਆ ਸੀ ਪਰ ਕੁਝ ਜਣੇ ਪਹਿਲੀ ਸ਼ਿਫਟ ਖਤਮ ਹੋਣ ਦੀ ਥਾਂ ਕਾਫੀ ਸਮਾਂ ਲੇਟ ਪੁੱਜੇ ਜਿਸ ਕਾਰਨ ਉਨ੍ਹਾਂ ਨੂੰ ਕਿਹਾ ਗਿਆ ਕਿ ਹੁਣ ਇਹ ਬੱਸਾਂ ਸ਼ਾਮ ਦੀ ਸ਼ਿਫਟ ਸਮਾਪਤ ਹੋਣ ਤੋਂ ਬਾਅਦ ਹੀ ਚੱਲਣਗੀਆਂ। ਇਸ ਵਿਚ ਪ੍ਰਸ਼ਾਸਨ ਦੀ ਕੋਈ ਗਲਤੀ ਨਹੀਂ ਹੈ।ਮੀਂਹ ਤੋਂ ਬਚਣ ਲਈ ਇੱਧਰ-ਉਧਰ ਭੱਜੇ ਉਮੀਦਵਾਰਸੀਈਟੀ ਦੀ ਪ੍ਰੀਖਿਆ ਦੀ ਪਹਿਲੀ ਸ਼ਿਫਟ ਤੋਂ ਬਾਅਦ ਮੀਂਹ ਆ ਗਿਆ ਤੇ ਦੂਜੀ ਸ਼ਿਫਟ ਵਾਲਿਆਂ ਨੇ ਵੀ ਕੇਂਦਰਾਂ ’ਤੇ ਪੁੱਜਣਾ ਸੀ। ਇਸ ਦੌਰਾਨ ਜ਼ਿਆਦਾਤਰ ਉਮੀਦਵਾਰ ਆਪਣੇ ਆਪ ਨੂੰ ਮੀਂਹ ਤੋਂ ਬਚਾਉਣ ਲਈ ਇੱਧਰ-ਉਧਰ ਭੱਜਦੇ ਨਜ਼ਰ ਆਏ। ਇਸ ਦੌਰਾਨ ਕਈਆਂ ਨੂੰ ਤਾਂ ਬੱਸ ਅੱਡਿਆਂ ਥੱਲੇ ਥਾਂ ਮਿਲ ਗਈ ਤੇ ਕਈ ਬੁਰੀ ਤਰ੍ਹਾਂ ਭਿੱਜ ਗਏ।