1965 ਦੀ ਜੰਗ ਜਿੱਤਣ ਬਾਰੇ ਸਮਾਗਮ
ਪੱਛਮੀ ਕਮਾਂਡ ਨੇ ਚੰਡੀਮੰਦਰ ’ਚ ਮਨਾਈ ਜਿੱਤ ਦੀ ਡਾਇਮੰਡ ਜੁਬਲੀ; ਹਰਿਆਣਾ ਦੇ ਰਾਜਪਾਲ ਨੇ ਕੀਤੀ ਸ਼ਮੂਲੀਅਤ
ਪੀ ਪੀ ਵਰਮਾ
ਭਾਰਤ ਅਤੇ ਪਾਕਿਸਤਾਨ ਵਿੱਚ ਸਾਲ 1965 ਵਿੱਚ ਹੋਈ ਜੰਗ ’ਚ ਭਾਰਤ ਦੀ ਇਤਿਹਾਸਕ ਜਿੱਤ ਦੀ ਡਾਇਮੰਡ ਜੁਬਲੀ ਵੀਰ ਸਮ੍ਰਿਤੀ, ਹੈੱਡਕੁਆਰਟਰ ਪੱਛਮੀ ਕਮਾਂਡ ਚੰਡੀਮੰਦਰ ਵਿੱਚ ਧੂਮਧਾਮ ਨਾਲ ਮਨਾਈ ਗਈ। ਇਹ ਸਮਾਰੋਹ ਛੇ ਦਹਾਕੇ ਪਹਿਲਾਂ ਬੇਮਿਸਾਲ ਹਿੰਮਤ ਨਾਲ ਲੜਨ ਵਾਲੇ ਭਾਰਤੀ ਸੈਨਿਕਾਂ ਦੇ ਸਰਵਉੱਚ ਬਲੀਦਾਨ ਅਤੇ ਬਹਾਦਰੀ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਸ਼ੁਰੂ ਹੋਇਆ।
ਇਸ ਦੌਰਾਨ ਸਾਬਕਾ ਫ਼ੌਜੀ ਕਮਾਂਡਰਾਂ, ਫ਼ੌਜ ਮੁਖੀਆਂ, ਸੀਨੀਅਰ ਸਾਬਕਾ ਸੈਨਿਕਾਂ ਅਤੇ ਜਨਰਲ ਅਫ਼ਸਰ ਕਮਾਂਡਿੰਗ-ਇਨ-ਚੀਫ ਪੱਛਮੀ ਕਮਾਂਡ ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ, ਪੀ ਵੀ ਐੱਸ ਐੱਮ, ਯੂ ਵਾਈ ਐੱਸ ਐੱਮ, ਏ ਵੀ ਐੱਸ ਐੱਮ ਨੇ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਇਲਾਵਾ ਸਾਲ 1965 ਦੀ ਜੰਗ ਵਿੱਚ ਹਿੱਸਾ ਲੈਣ ਵਾਲੇ ਸਾਬਕਾ ਸੈਨਿਕਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਤੋਂ ਬਾਅਦ ਹਰਿਆਣਾ ਦੇ ਰਾਜਪਾਲ ਅਸ਼ੀਮ ਕੁਮਾਰ ਘੋਸ਼ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਰਾਜਪਾਲ ਸ੍ਰੀ ਘੋਸ਼ ਨੇ ਇਸ ਮੌਕੇ ਫ਼ੌਜੀਆ ਤੇ ਸਾਬਕਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਰਾਜਪਾਲ ਨੇ ਭਾਰਤੀ ਫ਼ੌਜ ਦੀ ਬਹਾਦਰੀ, ਸਮਰਪਣ ਅਤੇ ਵਚਨਬੱਧਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪੰਜਾਬ, ਰਾਜਸਥਾਨ ਅਤੇ ਜੰਮੂ ਕਸ਼ਮੀਰ ਵਿੱਚ ਪੱਛਮੀ ਕਮਾਂਡ ਵੱਲੋਂ ਨਿਭਾਈ ਫ਼ੈਸਲਾਕੁਨ ਭੂਮਿਕਾ ਬਾਰੇ ਚਾਨਣਾ ਪਾਇਆ।
ਇਸ ਮਗਰੋਂ ਉਨ੍ਹਾਂ ਨੇ ਪੱਛਮੀ ਕਮਾਂਡ ਅਜਾਇਬ ਘਰ ਦਾ ਦੌਰਾ ਵੀ ਕੀਤਾ। ਇੱਥੇ ਉਨ੍ਹਾਂ ਨੂੰ ਕਮਾਂਡ ਦੇ ਇਤਿਹਾਸ ਅਤੇ ਵਿਰਾਸਤ ਬਾਰੇ ਜਾਣਕਾਰੀ ਦਿੱਤੀ ਗਈ। ਰਾਜਪਾਲ ਨੇ ਦੱਸਿਆ ਕਿ ਇਹ ਸਮਾਗਮ 1965 ਦੇ ਸੈਨਿਕਾਂ ਵੱਲੋਂ ਦਿਖਾਈ ਬਹਾਦਰੀ ਅਤੇ ਦਿੱਤੀਆਂ ਕੁਰਬਾਨੀਆਂ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ।