ਚੰਡੀਗੜ੍ਹ ਦੇ ਕਰ ਤੇ ਆਬਕਾਰੀ ਵਿਭਾਗ ਨੇ ਬਿਨਾਂ ਬਾਰ ਲਾਇਸੈਂਸ ਤੋਂ ਸ਼ਰਾਬ ਪਰੋਸਣ ਵਾਲੇ ਕਲੱਬ ਦਾ ਪਰਦਾਫਾਸ਼ ਕੀਤਾ ਹੈ। ਵਿਭਾਗ ਨੇ ਕਲੱਬ ਮਾਲਕ ਵਿਰੁੱਧ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਬਕਾਰੀ ਵਿਭਾਗ ਦੀ ਟੀਮ ਨੇ ਅੱਜ ਇਕ ਕਲੱਬ ਵਿੱਚ ਚੈਕਿੰਗ ਕੀਤੀ ਤਾਂ ਸਾਹਮਣੇ ਆਇਆ ਕਿ ਉਹ ਬਿਨਾਂ ਲਾਇਸੈਂਸ ਤੋਂ ਸ਼ਰਾਬ ਪਰੋਸ ਰਿਹਾ ਹੈ। ਇਸ ਦੇ ਨਾਲ ਹੀ ਬੀਅਰ ਕੰਪਨੀ ਵੱਲੋਂ ਵੀ ਬਿਨਾਂ ਲਾਇਸੈਂਸ ਦੇਖੇ ਹੀ ਬੀਅਰ ਸਪਲਾਈ ਕੀਤੀ ਜਾ ਰਹੀ ਹੈ। ਵਿਭਾਗ ਨੇ ਕਲੱਬ ਮਾਲਕ ਤੇ ਬੀਅਰ ਕੰਪਨੀ ਦੇ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਆਬਕਾਰੀ ਵਿਭਾਗ ਨੇ ਜੁਲਈ ਮਹੀਨੇ ਵਿੱਚ ਵੱਖ-ਵੱਖ ਥਾਵਾਂ ’ਤੇ ਛਾਪਾ ਮਾਰ ਕੇ 413 ਪੇਟੀਆਂ ਦੇਸੀ ਸ਼ਰਾਬ ਅਤੇ 3500 ਦੇ ਕਰੀਬ ਵੱਖ-ਵੱਖ ਬ੍ਰਾਂਡ ਦੀਆਂ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ। ਵਿਭਾਗ ਵੱਲੋਂ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।