ਨੌਜਵਾਨਾਂ ਦੇ ਕਰੀਅਰ ਮਾਰਗਦਰਸ਼ਨ ਦੇ ਉਦੇਸ਼ ਨਾਲ ਅੱਜ ‘ਮਹਾਤਮਾ ਜਯੋਤੀਬਾ ਫੂਲੇ ਇੰਟਰਨੈਸ਼ਨਲ ਸਕਿੱਲ ਸੈਂਟਰ’ ਬਹਿਲੋਲਪੁਰ ’ਚ ਇਕ ਕਰੀਅਰ ਕਾਊਂਸਲਿੰਗ ਸੈਸ਼ਨ ਕਰਵਾਇਆ ਗਿਆ। ਇਸ ਮੌਕੇ ਨਾ ਸਿਰਫ਼ ਸਕਿੱਲ ਸੈਂਟਰ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੇ ਹਿੱਸਾ ਲਿਆ ਸਗੋਂ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੇ ਮਾਪੇ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ। ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ ਨੂੰ ਬਦਲਦੇ ਸਮੇਂ ਦੀ ਮੰਗ ਅਨੁਸਾਰ ਹੁਨਰ ਆਧਾਰਿਤ ਸਿੱਖਿਆ ਅਤੇ ਸਿਖਲਾਈ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਸੀ। ਸੈਸ਼ਨ ਦੀ ਸ਼ੁਰੂਆਤ ਨਵੀਨ ਜਿੰਦਲ ਫਾਉਂਡੇਸ਼ਨ ਦੇ ਅਧਿਕਾਰੀ ਕ੍ਰਿਸ਼ਨਮਨ ਸੈਣੀ ਦੇ ਭਾਸ਼ਣ ਨਾਲ ਹੋਈ, ਜਿਸ ਵਿਚ ਉਨਾਂ ਕਿਹਾ ਕਿ ਇਹ ਕੇਂਦਰ ਨਾ ਸਿਰਫ ਤਕਨੀਕੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ ਸਗੋਂ ਵਿਦਿਆਰਥੀਆਂ ਨੂੰ ਸਵੈ ਨਿਰਭਰ ਅਤੇ ਰੁਜ਼ਗਾਰ ਮੁਖੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ।
ਉਨਾਂ ਕਿਹਾ ਕਿ ਇੱਥੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਬੁਨਿਆਦੀ ਢਾਚਾਂ, ਅੰਤਰਰਾਸ਼ਟਰੀ ਮਿਆਰਾਂ ਦੀ ਸਿਖਲਾਈ, ਡਿਜੀਟਲ ਸਿਖਲਾਈ ਸਾਧਨ, ਵਿਹਾਰਕ ਆਧਾਰਿਤ ਸਿੱਖਿਆ ਅਤੇ ਪਲੇੇਸਮੈਂਟ ਸਹਾਇਤਾ ਵਰਗੀਆਂ ਕਈ ਸਹੂਲਤਾਂ ਪ੍ਰਦਾਨ ਕਰਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਕਾਊਂਸਲਿੰਗ ਸ਼ੈਸ਼ਨ ਦੌਰਾਨ ਵਿਸ਼ੇ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਆਈਟੀ, ਸਿਹਤ ਸੰਭਾਲ, ਵੈਲਡਿੰਗ, ਐਗਰੋ ਪ੍ਰੋਸੈਸਿੰਗ, ਫੈਸ਼ਨ ਡਿਜ਼ਾਇਨਿੰਗ ਤੇ ਹੋਰ ਵਰਗ ਦੇ ਖੇਤਰਾਂ ਬਾਰੇ ਜਾਣਕਾਰੀ ਦਿੱਤੀ।