ਕੈਬਨਿਟ ਮੰਤਰੀ ਵਿਜ ਨੇ ਐਕਸ ’ਤੇ ਆਪਣੇ ਨਾਂ ਅੱਗਿਓਂ ‘ਮੰਤਰੀ’ ਸ਼ਬਦ ਹਟਾਇਆ
ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਬੁੱਧਵਾਰ ਦੇਰ ਰਾਤ ਆਪਣੇ ਸੋਸ਼ਲ ਮੀਡੀਆ ਹੈਂਡਲ ‘ਐਕਸ’ ਉੱਤੇ ਆਪਣੇ ਨਾਮ ਅੱਗਿਓਂ ‘ਮੰਤਰੀ’ ਸ਼ਬਦ ਹਟਾ ਦਿੱਤਾ ਹੈ। ਹਰਿਆਣਾ ਸਰਕਾਰ ’ਚ ਮੰਤਰੀ ਵਿਜ ਨੇ ਆਪਣੇ ਬਾਇਓ (Biodata) ਨੂੰ ‘ਅਨਿਲ ਵਿਜ ਮੰਤਰੀ ਹਰਿਆਣਾ’ ਤੋਂ ਬਦਲ ਕੇ ‘ਅਨਿਲ ਵਿਜ ਅੰਬਾਲਾ ਕੈਂਟ ਹਰਿਆਣਾ ਭਾਰਤ’ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਅਨਿਲ ਵਿਜ ਨੇ ਆਪਣੀ ਹੀ ਪਾਰਟੀ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਕੁਝ ਪਾਰਟੀ ਨੇਤਾਵਾਂ ’ਤੇ ਅੰਬਾਲਾ ਛਾਉਣੀ ਵਿੱਚ ਸਮਾਨਾਂਤਰ ਭਾਜਪਾ ਚਲਾਉਣ ਦਾ ਦੋਸ਼ ਲਗਾਇਆ ਸੀ। ਹਾਲ ਹੀ ਵਿੱਚ ਇਸ ਦਬੰਗ ਭਾਜਪਾ ਆਗੂ ਨੇ ਆਪਣਾ ਗੁੱਸਾ ਕੱਢਣ ਲਈ ਐਕਸ ਅਕਾਊਂਟ ’ਤੇ ਲਿਖਿਆ, ‘‘ਅੰਬਾਲਾ ਛਾਉਣੀ ਵਿੱਚ, ਕੁਝ ਲੋਕ ਉਪਰ ਵਾਲਿਆਂ ਦੇ ਆਸ਼ੀਰਵਾਦ ਨਾਲ ਸਮਾਨਾਂਤਰ ਭਾਜਪਾ ਚਲਾ ਰਹੇ ਹਨ। ਸਾਨੂੰ ਕੀ ਕਰਨਾ ਚਾਹੀਦਾ ਹੈ। ਪਾਰਟੀ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ।’’ ਭਾਜਪਾ ਆਗੂ ਨੇ ‘ਟਿੱਪਣੀ ਬਾਕਸ’ ਵਿੱਚ ਆਪਣੇ ਸਮਰਥਕਾਂ ਤੋਂ ਸੁਝਾਅ ਵੀ ਮੰਗੇ ਸਨ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਵਿਜ ਨੇ ਪਿਛਲੇ ਸਾਲ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਆਪਣੀ ਬਾਇਓ ਨੂੰ ਸੰਪਾਦਿਤ ਕੀਤਾ ਸੀ ਅਤੇ ‘ਮੋਦੀ ਕਾ ਪਰਿਵਾਰ’ ਟੈਗਲਾਈਨ ਹਟਾ ਦਿੱਤੀ ਸੀ।
ਬਾਅਦ ਵਿੱਚ ਉਨ੍ਹਾਂ ਮੁੜ ਟੈਗਲਾਈਨ ਜੋੜੀ ਸੀ ਪਰ ਇਸ ਨੂੰ ਹੇਠਾਂ ਰੱਖ ਦਿੱਤਾ ਗਿਆ ਸੀ। ਮਗਰੋਂ ਵਿਜ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸਪੱਸ਼ਟੀਕਰਨ ਜਾਰੀ ਕਰਨਾ ਪਿਆ ਅਤੇ ਉਨ੍ਹਾਂ ਦਾਅਵਾ ਕੀਤਾ ਕਿ ਉਹ ਭਾਜਪਾ ਦੇ ਪੱਕੇ ਭਗਤ ਹਨ।