ਕੌਮੀ ਮਾਰਗ ਵਿਚਾਲੇ ਮੇਨ ਹੋਲ ਦਾ ਟੁੱਟਿਆ ਹੋਇਆ ਢੱਕਣ ਹਾਦਸਿਆਂ ਨੂੰ ਦੇ ਰਿਹੈ ਸੱਦਾ
ਕਰਮਜੀਤ ਸਿੰਘ ਚਿੱਲਾ
ਬਨੂੜ, 10 ਜੁਲਾਈ
ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ’ਤੇ ਪਿਛਲੇ 10 ਦਿਨਾਂ ਤੋਂ ਪਾਣੀ ਦੀ ਨਿਕਾਸੀ ਲਈ ਪਾਏ ਗਏ ਪਾਈਪ ਦੇ ਮੇਨ ਹੋਲ ਦਾ ਟੁੱਟਿਆ ਹੋਇਆ ਢੱਕਣ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਦਸ ਦਿਨ ਪੰਘਣ ਦੇ ਬਾਵਜੂਦ ਵੀ ਟੋਲ ਵਸੂਲਣ ਵਾਲੀ ਕੰਪਨੀ ਵੱਲੋਂ ਇਸ ਦੀ ਮੁਰੰਮਤ ਨਹੀਂ ਕਰਾਈ ਗਈ ਹੈ। ਸ਼ਹਿਰ ਦੇ ਵਸਨੀਕ ਜਗਜੀਤ ਸਿੰਘ ਛੜਬੜ, ਗੁਰਵਿੰਦਰ ਸਿੰਘ ਮੋਲਾ ਤੇ ਹੋਰਨਾਂ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਲਈ ਪਾਈ ਪਾਇਪ ਲਾਈਨ ਦੇ ਮੇਨ ਹੋਲ ਦਾ ਇਹ ਢੱਕਣ ਕੌਮੀ ਮਾਰਗ ਦੇ ਬਿਲਕੁਲ ਕਿਨਾਰੇ ਤੇ ਹੈ ਅਤੇ ਇੱਥੇ ਕੋਈ ਹਾਦਸਾ ਵਾਪਰਨ ਦਾ ਵੀ ਡਰ ਹੈ। ਉਨ੍ਹਾਂ ਕਿਹਾ ਕਿ ਕੌਮੀ ਮਾਰਗ ਤੇ ਟੌਲ ਵਸੂਲਣ ਦੇ ਬਾਵਜੂਦ ਵੀ ਇਸ ਟੁੱਟੇ ਹੋਏ ਢੱਕਣ ਨੂੰ ਬਦਲਿਆ ਨਹੀਂ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਬਿਨ੍ਹਾਂ ਦੇਰੀ ਇਸ ਨੂੰ ਠੀਕ ਕਰਾਇਆ ਜਾਵੇ। ਟੌਲ ਸੜਕ ਦੀ ਮੁਰੰਮਤ ਕਰਨ ਵਾਲੀ ਕੰਪਨੀ ਦੇ ਮਾਲਕ ਅਮਨਪ੍ਰੀਤ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਉਹ ਛੁੱਟੀ ਤੇ ਹਨ ਅਤੇ ਜਿਸ ਕਾਰਨ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ । ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਟੁੱਟੇ ਹੋਏ ਢੱਕਣ ਨੂੰ ਬਦਲ ਦਿੱਤਾ ਜਾਵੇਗਾ।