ਮੀਟਿੰਗ ’ਚ ਬਾਹਰੀ ਲੋਕਾਂ ਦੇ ਆਉਣ ਤੱਕ ਬਾਈਕਾਟ ਰਹੇਗਾ: ਅਰੋੜਾ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 24 ਜੂਨ
ਥਾਨੇਸਰ ਦੇ ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਅਸ਼ੋਕ ਅਰੋੜਾ ਨੇ ਕਿਹਾ ਹੈ ਕਿ ਥਾਨੇਸਰ ਨਗਰ ਪਰੀਸ਼ਦ ਦੀ ਮੀਟਿੰੰਗ ਵਿੱਚ ਉਨ੍ਹਾਂ ਬਾਹਰੀ ਲੋਕਾਂ ਨੂੰ ਬੈਠਣ ਦੀ ਇਜਾਜ਼ਤ ਦਿੱਤੀ ਗਈ ਜਿਨ੍ਹਾਂ ਨੇ ਬੀਤੀ 23 ਮਈ ਨੂੰ ਮੀਟਿੰਗ ਵਿੱਚ ਵਿਘਨ ਪਾ ਕੇ ਸਰਕਾਰੀ ਕੰਮ ਰੋਕਿਆ ਸੀ। ਅਰੋੜਾ ਨੇ ਕਿਹਾ ਕਿ ਉਹ ਉਦੋਂ ਤੱਕ ਬੈਠਕ ਦਾ ਬਾਈਕਾਟ ਕਰਨਗੇ ਜਦੋਂ ਤਕ ਬਾਹਰੀ ਲੋਕਾਂ ਨੂੰ ਮੀਟਿੰਗ ਵਿੱਚ ਬੈਠਣ ਤੋਂ ਰੋਕਿਆ ਨਹੀਂ ਜਾਂਦਾ। ਉਹ ਆਪਣੇ ਨਿਵਾਸ ’ਤੇ ਗੱਲਬਾਤ ਕਰ ਰਹੇ ਸਨ। ਉਨ੍ਹਾਂ ਆਖਿਆ ਕਿ ਅੱਜ ਨਗਰ ਕੌਂਸਲ ਦੀ ਮੀਟਿੰਗ ਦੇ ਐਕਟ ਦਾ ਹਵਾਲਾ ਦਿੰਦੇ ਹੋਏ ਕਈ ਬਾਹਰੀ ਲੋਕਾਂ ਨੂੰ ਸਦਨ ਦੀ ਮੀਟਿੰਗ ਵਿਚ ਬੈਠਣ ਦੀ ਇਜਾਜ਼ਤ ਦਿੱਤੀ ਗਈ ਜੋ ਸੰਵਿਧਾਨ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਨਗਰ ਪਰੀਸ਼ਦ ਵਿੱਚ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਤਾਂ ਸੱਤਾਧਾਰੀ ਧਿਰ ਡਰ ਗਈ ਤੇ ਉਨ੍ਹਾਂ ਵਿਰੁੱਧ ਸਾਜਿਸ਼ਾਂ ਰਚਣ ਲੱਗ ਪਈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਉਨ੍ਹਾਂ ਨੇ ਮੁੱਖ ਮੰਤਰੀ ਤੇ ਰਾਜਪਾਲ ਦੇ ਸਾਹਮਣੇ ਕੁਰੂਕਸ਼ੇਤਰ ਦੇ ਵਿਕਾਸ, ਬ੍ਰਹਮਸਰੋਵਰ ਦੇ ਪੂਰਬੀ ਕੰਢੇ ’ਤੇ 60 ਏਕੜ ਦੇ ਚਿੱਟੇ ਪਾਪੂਲਰ ਜੰਗਲ ਨੂੰ ਕੱਟਣ ਤੇ ਉਥੇ ਸ਼ਾਨਦਾਰ ਪਾਰਕ ਬਣਾਉਣ, ਸਨਹੇਤ ਸਰੋਵਰ ਦੇ ਪਾਣੀ ਨੂੰ ਦਰਬਾਰ ਸਾਹਿਬ ਦੇ ਸਰੋਵਰ ਵਾਂਗ ਸਾਫ਼ ਰੱਖਣ ਲਈ ਇਕ ਪਲਾਂਟ ਲਗਾਉਣ ਤੇ ਪੱਛਮੀ ਤਟ ਤੋਂ ਡੰਪਿਗ ਪੁਆਇੰਟ ਨੂੰ ਖਤਮ ਕਰਨ ਦੇ ਮੁੱਦੇ ਉਠਾਏ ਸਨ। ਅਰੋੜਾ ਨੇ ਕਿਹਾ ਕਿ ਮੌਨਸੂਨ ਦੀ ਪਹਿਲੀ ਬਰਸਾਤ ਨੇ ਨਗਰ ਪਰੀਸ਼ਦ ਦੀ ਡਰੇਨਜ ਸਿਸਟਮ ਦੀ ਪੋਲ ਖੋਲ੍ਹ ਦਿੱਤੀ ਹੈ। ਇਸ ਮੌਕੇ ਨਗਰ ਕੌਂਸਲਰ ਮੰਨੂੰ ਜੈਨ, ਨਰਿੰਦਰ ਰਾਜੂ ਚੌਹਾਨ, ਰਾਜਿੰਦਰ ਸੈਣੀ, ਪਰਮਵੀਰ ਪ੍ਰਿੰਸ, ਕੌਂਸਲਰ ਸ਼ਿਵਮ ਗੁਪਤਾ, ਗੌਰਵ ਸ਼ਰਮਾ, ਵਿਵੇਕ ਭਾਰਦਵਾਜ ਸਣੇ ਕਈ ਕਾਂਗਰਸੀ ਆਗੂ ਮੌਜੂਦ ਸਨ।