Body Found on Churdhar Peak: ਚੂੜਾਧਾਰ ਚੋਟੀ 'ਤੇ ਬੁਰੀ ਤਰ੍ਹਾਂ ਨੁਕਸਾਨੀ ਲਾਸ਼ ਮਿਲੀ, ਪੰਚਕੂਲਾ ਦੇ ਲਾਪਤਾ ਟਰੈਕਰ ਦੀ ਹੋਣ ਦਾ ਖ਼ਦਸ਼ਾ
ਨਾਹਨ, 11 ਮਾਰਚ
Body Found on Churdhar Peak: ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਚੂੜਾਧਾਰ ਟਰੈਕ ਉਤੇ ਬਰਫ਼ ਹੇਠ ਦੱਬੀ ਤੇ ਬੁਰੀ ਤਰ੍ਹਾਂ ਕੱਟੀ-ਵੱਢੀ ਹੋਈ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਸਥਾਨਕ ਵਾਲੰਟੀਅਰਾਂ ਦੀ ਇੱਕ ਟੀਮ ਸੋਮਵਾਰ ਸ਼ਾਮ ਨੂੰ ਇਹ ਲਾਸ਼ ਦੇਖੀ।
ਉਨ੍ਹਾਂ ਦਾ ਖ਼ਿਆਲ ਹੈ ਕਿ ਇਹ ਲਾਸ਼ ਅਕਸ਼ੈ ਸਾਹਨੀ (28) ਦੀ ਹੋ ਸਕਦੀ ਹੈ। ਹਰਿਆਣਾ ਦੇ ਪੰਚਕੂਲਾ ਦਾ ਰਹਿਣ ਵਾਲਾ ਇਹ ਨੌਜਵਾਨ ਟਰੈਕਰ ਬੀਤੀ 26 ਫਰਵਰੀ ਨੂੰ ਮਹਾਸ਼ਿਵਰਾਤਰੀ ਦੇ ਮੌਕੇ 'ਤੇ ਚੂੜਾਧਾਰ ਚੋਟੀ 'ਤੇ ਟਰੈਕਿੰਗ ਕਰਦੇ ਸਮੇਂ ਲਾਪਤਾ ਹੋ ਗਿਆ ਸੀ।
ਨੋਹਰਾਧਰ ਖੇਤਰ ਦੇ ਵਾਲੰਟੀਅਰਾਂ ਦੇ ਅਨੁਸਾਰ ਲਾਸ਼ ਭਗਵਾਨ ਸ਼ਿਵ ਦੀ ਮੂਰਤੀ ਦੇ ਨੇੜੇ ਮਿਲੀ, ਜੋ ਟਰੈਕ ਦੇ ਆਖਰੀ ਆਰਾਮ ਸਥਾਨ ਦੇ ਨੇੜੇ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਦੇ ਮਹੀਨਿਆਂ ਵਿੱਚ ਚੂੜਾਧਾਰ ਖੇਤਰ ਵਿੱਚ ਕਿਸੇ ਹੋਰ ਟਰੈਕਰ ਦੇ ਲਾਪਤਾ ਹੋਣ ਦੀ ਰਿਪੋਰਟ ਨਹੀਂ ਹੈ।
ਗ਼ੌਰਤਲਬ ਹੈ ਕਿ ਚੂੜਾਧਾਰ ਚੋਟੀ ਸ਼ਿਵਾਲਿਕ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਵਿੱਚੋਂ ਇੱਕ ਹੈ, ਜੋ ਸਿਰਮੌਰ ਜ਼ਿਲ੍ਹੇ ਵਿੱਚ 11,965 ਫੁੱਟ ਦੀ ਉਚਾਈ 'ਤੇ ਸਥਿਤ ਹੈ।
ਸੰਗਰਾਹ (Sangrah) ਦੇ ਸਬ ਡਿਵੀਜ਼ਨਲ ਮੈਜਿਸਟ੍ਰੇਟ (SDM) ਸੁਨੀਲ ਕਾਇਥ ਨੇ ਪੀਟੀਆਈ ਨੂੰ ਦੱਸਿਆ ਕਿ ਪ੍ਰਸ਼ਾਸਨ ਹਾਲ ਦੀ ਘੜੀ ਇਸ ਦੀ ਹਰਿਆਣਾ ਦੇ ਲਾਪਤਾ ਸੈਲਾਨੀ ਦੀ ਲਾਸ਼ ਦੀ ਵਜੋਂ ਪਛਾਣ ਦੀ ਪੁਸ਼ਟੀ ਨਹੀਂ ਕਰ ਸਕਦਾ। ਹਾਲਾਂਕਿ, ਉਸਦੇ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਹ ਲਾਸ਼ ਦੀ ਪਛਾਣ ਕਰਨ ਲਈ ਸੰਗਰਾਹ ਜਾ ਰਹੇ ਹਨ। -ਪੀਟੀਆਈ