ਮਨੁੱਖੀ ਜਾਨਾਂ ਬਚਾਉਣ ਲਈ ਖੂਨਦਾਨ ਜ਼ਰੂਰੀ: ਗੁਪਤਾ
ਕੁਰੂਕਸ਼ੇਤਰ ਯੂਨੀਵਰਸਿਟੀ ਨੇ ਖ਼ੂਨਦਾਨ ਕੈਂਪ ਲਾਇਆ; 40 ਯੂਨਿਟ ਖੂਨ ਇਕੱਤਰ
ਵਾਈਸ ਚਾਂਸਲਰ ਸੋਮ ਨਾਥ ਸਚਦੇਵਾ ਦੀ ਅਗਵਾਈ ਹੇਠ ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ਖੂਨਦਾਨ ਕੈਂਪ ਲਾਇਆ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਬੋਲਦਿਆਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਤੇ ਅਗਰਵਾਲ ਨਰਸਿੰਗ ਹੋਮ ਦੇ ਈ ਟੈਨ ਟੀ ਸਰਜਨ ਡਾ. ਰਿਸ਼ੀ ਪਾਲ ਨੇ ਕਿਹਾ ਕਿ ਮਨੁੱਖੀ ਜੀਵਨ ਬਚਾਉਣ ਵਿੱਚ ਖੂਨਦਾਨ ਬਹੁਤ ਮਹੱਤਵਪੂਰਨ ਹੈ ਇਸ ਲਈ ਨੌਜਵਾਨਾਂ ਨੂੰ ਆਪਣੀ ਸਿਹਤ ਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਸਮਝਣਾ ਚਾਹੀਦਾ ਹੈ ਤੇ ਖੂਨਦਾਨ ਕਰਨਾ ਚਾਹੀਦਾ ਹੈ।
ਉਨਾਂ ਕਿਹਾ ਕਿ ਭਾਰਤ ਵਿਚ ਹਰ ਰੋਜ਼ ਹਜ਼ਾਰਾਂ ਮਰੀਜ਼ ਹਾਦਸਿਆਂ ਤੇ ਗੰਭੀਰ ਬਿਮਾਰੀਆਂ ਦੌਰਾਨ ਖੂਨ ਦੀ ਘਾਟ ਕਾਰਨ ਆਪਣੀਆਂ ਜਾਨਾਂ ਗੁਆ ਦਿੰਦੇ ਹਨ ਪਰ ਖੂਨਦਾਨੀਆਂ ਵਿਚ ਜਾਗਰੂਕਤਾ ਇਸ ਸਥਿਤੀ ਨੂੰ ਬਦਲ ਸਕਦੀ ਹੈ। ਡੀਨ ਪ੍ਰੋ. ਏ ਆਰ ਚੌਧਰੀ ਨੇ ਕਿਹਾ ਕਿ ਅੱਜ ਵੀ ਖੂਨ ਦਾ ਕੋਈ ਨਕਲੀ ਬਦਲ ਨਹੀਂ ਹੈ। ਖੂਨ ਦੀ ਇੱਕ ਯੂਨਿਟ ਤਿੰਨ ਜਾਨਾਂ ਬਚਾ ਸਕਦੀ ਹੈ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਮਿਸ਼ਨ ਸਿੱਖਿਆ ਤਕ ਹੀ ਸੀਮਤ ਨਹੀਂ ਹੈ ਸਗੋਂ ਆਪਣੇ ਵਿਦਿਆਰਥੀਆਂ ਨੂੰ ਨਾਗਰਿਕ ਜ਼ਿੰਮੇਵਾਰੀ ਨਿਭਾਉਣ ਤੇ ਲੋਕ ਭਲਾਈ ਕਾਰਜਾਂ ਵਿਚ ਹਿੱਸਾ ਲੈਣ ਲਈ ਨਿਰੰਤਰ ਪ੍ਰੇਰਿਤ ਕਰਨਾ ਹੈ। ਇਸ ਦੌਰਾਨ ਕੈਂਪ ਵਿੱਚ 40 ਯੂਨਿਟ ਖੂਨ ਇੱਕਠਾ ਕੀਤਾ ਗਿਆ। ਇਸ ਮੌਕੇ ਡਾ. ਕ੍ਰਿਸ਼ਨਾ ਅਗਰਵਾਲ, ਡਾ. ਜਤਿਨ ਕਲੋਨ, ਯੋਗੇਸ਼ ਤੇ ਹੋਰ ਹਾਜ਼ਰ ਸਨ।
17 ਜਣਿਆਂ ਨੇ ਖੂਨਦਾਨ ਕੀਤਾ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਸਾਹਿਤ ਅਕਾਦਮੀ ਪੁਰਸਕਾਰ ਜੇਤੂ ਮਰਹੂਮ ਡਾ. ਕੇਸ਼ਵਾ ਨੰਦ ਮਾਮਗੈਨ ਦੇ ਪੁੱਤਰ ਮਰਹੂਮ ਰਾਜੇਸ਼ ਪੰਡਿਤ ਰਾਜੂ ਦੀ ਯਾਦ ਵਿੱਚ ਅੱਜ ਐੱਲ ਐੱਨ ਜੇ ਪੀ ਹਸਪਤਾਲ ਦੇ ਬਲੱਡ ਬੈਂਕ ਵਿੱਚ ਖੂਨਦਾਨ ਕੈਂਪ ਲਾਇਆ ਗਿਆ। ਜਨ ਸਹਾਇਤਾ ਸੰਸਥਾ ਦੇ ਸਹਿਯੋਗ ਨਾਲ ਮਾਮਗੈਨ ਪਰਿਵਾਰ ਵੱਲੋਂ ਲਾਏ ਗਏ ਇਸ ਕੈਂਪ ਵਿੱਚ 13 ਵਿਅਕਤੀਆਂ ਨੇ ਸਵੈ-ਇੱਛਾ ਨਾਲ ਖੂਨਦਾਨ ਕੀਤਾ। ਇਸ ਮੌਕੇ ਕੁਰੂਕਸ਼ੇਤਰ ਵਿਕਾਸ ਬੋਰਡ ਦੇ ਸੀ ਈ ਓ ਪੰਕਜ ਸੇਤੀਆ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਨ੍ਹਾਂ ਮਾਮਗੈਨ ਪਰਿਵਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਵਿਸ਼ੇਸ਼ ਮਹਿਮਾਨ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ (ਡਾ. ਨਰਿੰਦਰ ਸਿੰਘ ਨੇ ਕਿਹਾ ਕਿ ਅੱਜ-ਕੱਲ੍ਹ ਖੂਨ ਦੀ ਬਹੁਤ ਘਾਟ ਹੈ ਅਤੇ ਜੇ ਹਰ ਕੋਈ ਸਾਲ ਵਿੱਚ ਇੱਕ ਵਾਰ ਖੂਨਦਾਨ ਕਰੇ ਤਾਂ ਇਸ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ। ਮੁੱਖ ਮਹਿਮਾਨ ਨੇ ਸਾਰੇ ਖੂਨਦਾਨੀਆਂ ਨੂੰ ਬੈਜ ਲਗਾ ਕੇ ਸਨਮਾਨਿਤ ਕੀਤਾ।

