ਭਾਜਪਾ ਰਾਜਧਾਨੀ ਵਿੱਚ ਫਿਰਕੂ ਦੰਗੇ ਕਰਵਾਉਣਾ ਚਾਹੁੰਦੀ: ਭਾਰਦਵਾਜ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਜੁਲਾਈ
ਆਮ ਆਦਮੀ ਪਾਰਟੀ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਭਾਜਪਾ ਦਿੱਲੀ ਵਿੱਚ ਫਿਰਕੂ ਦੰਗੇ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ‘ਆਪ’ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਚੌਧਰੀ ਮਤੀਨ ਅਹਿਮਦ, ਵਿਧਾਇਕ ਸੰਜੀਵ ਝਾਅ ਦੇ ਨਾਲ ਅੱਜ ਪਾਰਟੀ ਹੈੱਡਕੁਆਰਟਰ ’ਤੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਦਿੱਲੀ ਵਿੱਚ ਪਿਛਲੇ 30 ਸਾਲਾਂ ਤੋਂ ਦੇਖ ਰਹੇ ਹਾਂ ਕਿ ਲੱਖਾਂ ਕਾਂਵੜੀਏ ਗੰਗਾਜਲ ਆਪਣੇ-ਆਪਣੇ ਪਿੰਡਾਂ ਅਤੇ ਕਲੋਨੀਆਂ ਵਿੱਚ ਲਿਆਉਂਦੇ ਹਨ ਅਤੇ ਭੋਲੇਨਾਥ ਨੂੰ ਗੰਗਾਜਲ ਚੜ੍ਹਾਉਂਦੇ ਹਨ। ਕਾਂਵੜ ਯਾਤਰਾ ਵਿੱਚ ਕਦੇ ਹਿੰਦੂ-ਮੁਸਲਿਮ ਦੰਗਿਆਂ ਬਾਰੇ ਨਹੀਂ ਸੁਣਿਆ। ਸੌਰਭ ਭਾਰਦਵਾਜ ਨੇ ਕਿਹਾ ਕਿ 27 ਸਾਲਾਂ ਬਾਅਦ ਭਾਜਪਾ ਦਿੱਲੀ ਵਿੱਚ ਸੱਤਾ ਵਿੱਚ ਆਈ ਹੈ। ਇਹ ਭਾਜਪਾ ਸਰਕਾਰ ਦੇ ਅਧੀਨ ਆਯੋਜਿਤ ਕੀਤੀ ਜਾ ਰਹੀ ਪਹਿਲੀ ਕਾਂਵੜ ਯਾਤਰਾ ਹੈ। ਦਿੱਲੀ ਸਰਕਾਰ ਦੇ ਕਾਨੂੰਨ ਮੰਤਰੀ ਕਪਿਲ ਮਿਸ਼ਰਾ ਨੇ 12 ਜੁਲਾਈ ਦੀ ਰਾਤ ਨੂੰ ਲਗਪਗ 9.30 ਵਜੇ ਟਵੀਟ ਕੀਤਾ ਕਿ ਦਿੱਲੀ ਦੇ ਸ਼ਾਹਦਰਾ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਕਾਂਵੜ ਯਾਤਰਾ ਦੇ ਰਸਤੇ ’ਤੇ ਲਗਪਗ ਕਿਲੋਮੀਟਰ ਤੱਕ ਸ਼ੀਸ਼ੇ ਦੇ ਟੁੱਕੜੇ ਖਿੰਡਾ ਦਿੱਤੇ। ਪੀਡਬਲਿਊਡੀ ਅਤੇ ਕਾਰਪੋਰੇਸ਼ਨ ਦੇ ਕਰਮਚਾਰੀ ਰਸਤਾ ਸਾਫ਼ ਕਰ ਰਹੇ ਹਨ, ਸਥਾਨਕ ਵਿਧਾਇਕ ਸੰਜੇ ਗੋਇਲ ਵੀ ਉੱਥੇ ਮੌਜੂਦ ਹਨ ਅਤੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਖੁਦ ਘਟਨਾ ਦਾ ਨੋਟਿਸ ਲਿਆ ਹੈ। ਪੀਡਬਲਿਊਡੀ ਵੱਲੋਂ ਸ਼ਰਾਰਤੀ ਅਨਸਰਾਂ ਵਿਰੁੱਧ ਐਫਆਈਆਰ ਦਰਜ ਕੀਤੀ ਜਾਵੇਗੀ, ਯਾਤਰਾ ਵਿੱਚ ਕੋਈ ਵਿਘਨ ਨਹੀਂ ਪੈਣ ਦਿੱਤਾ ਜਾਵੇਗਾ। ਇਸ ਤੋਂ ਬਾਅਦ 13 ਜੁਲਾਈ ਨੂੰ ਸ਼ਾਮ 4.04 ਵਜੇ ਉਪ ਰਾਜਪਾਲ ਨੇ ਵੀਡੀਓ ਦੇ ਨਾਲ ਟਵੀਟ ਕੀਤਾ ਕਿ ਨੰਗੇ ਪੈਰੀਂ ਤੁਰਨ ਵਾਲੇ ਕਾਂਵੜੀਆਂ ਦੇ ਰਸਤੇ ’ਤੇ ਕਿਲੋਮੀਟਰ ਤੱਕ ਸ਼ੀਸ਼ਾ ਖਿੰਡਿਆ ਹੋਇਆ ਪਾਇਆ ਗਿਆ। ਪੁਲੀਸ ਨੂੰ ਮੌਕੇ ’ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਹਨ। ਪੀਡਬਲਿਊਡੀ ਨੂੰ ਰਸਤਾ ਸਾਫ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਦੋ ਘੰਟਿਆਂ ਵਿੱਚ ਸੜਕ ਸਾਫ਼ ਕਰ ਦਿੱਤੀ ਗਈ। ਪੁਲੀਸ ਨੇ ਐਫਆਈਆਰ ਦਰਜ ਕਰ ਲਈ ਹੈ ਅਤੇ ਕ੍ਰਾਈਮ ਬ੍ਰਾਂਚ ਜਾਂਚ ਕਰ ਰਹੀ ਹੈ।
ਭਾਜਪਾ ਸਰਕਾਰ ਵੱਲੋਂ ਮੁੱਖ ਮੰਤਰੀ ਤੇ ਮੰਤਰੀਆਂ ਲਈ ਲੱਖਾਂ ਰੁਪਏ ਦੇ ਮੋਬਾਈਲ ਫੋਨ ਖਰੀਦਣ ਦੇ ਫੈਸਲੇ ਦੀ ਆਲੋਚਨਾ
ਨਵੀਂ ਦਿੱਲੀ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਨੇ ਦਿੱਲੀ ਦੀ ਭਾਜਪਾ ਸਰਕਾਰ ਵੱਲੋਂ ਮੁੱਖ ਮੰਤਰੀ ਅਤੇ ਮੰਤਰੀਆਂ ਲਈ ਲੱਖਾਂ ਰੁਪਏ ਦੇ ਮੋਬਾਈਲ ਫੋਨ ਖਰੀਦਣ ਦੇ ਲਏ ਗਏ ਫ਼ੈਸਲੇ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ‘ਆਪ’ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਕਿਹਾ ਕਿ ਭਾਜਪਾ ਸਰਕਾਰ ਆਪਣੇ ਮੰਤਰੀਆਂ ਲਈ ਲੱਖਾਂ ਰੁਪਏ ਦੇ ਮੋਬਾਈਲ ਫੋਨ ਖਰੀਦਣ ਜਾ ਰਹੀ ਹੈ। ਭਾਜਪਾ ਨੇ 1.50 ਅਤੇ 1.25 ਲੱਖ ਰੁਪਏ ਦੇ ਫੋਨ ਆਪਣੇ ਮੁੱਖ ਮੰਤਰੀ ਅਤੇ ਮੰਤਰੀਆਂ ਲਈ ਮੰਗਵਾਉਣ ਵਿੱਚ ਕੋਈ ਸਮਾਂ ਨਹੀਂ ਲਿਆ, ਸਗੋਂ ਔਰਤਾਂ ਨੂੰ 2500 ਰੁਪਏ ਦੇਣ ਲਈ ਇੱਕ ਕਮੇਟੀ ਬਣਾਈ। ਸਰਕਾਰ ਨੂੰ ਮੰਤਰੀਆਂ ਦੇ ਫੋਨਾਂ ਲਈ ਵੀ ਕਮੇਟੀ ਬਣਾਉਣੀ ਚਾਹੀਦੀ ਸੀ। ਪ੍ਰਾਈਵੇਟ ਸਕੂਲਾਂ ਵਿੱਚ ਫ਼ੀਸਾਂ ਵਿੱਚ ਵਾਧੇ, ਪਾਣੀ ਭਰਨ, ਟਰੈਫਿਕ ਜਾਮ, ਗ਼ਰੀਬਾਂ ਦੇ ਘਰਾਂ ਨੂੰ ਢਾਹੁਣ ਤੋਂ ਪ੍ਰੇਸ਼ਾਨ, ਦਿੱਲੀ ਦੇ ਲੋਕ ਭਾਜਪਾ ਦੇ ਸਾਰੇ ਕਾਰਨਾਮੇ ਦੇਖ ਰਹੇ ਹਨ। ਸੌਰਭ ਭਾਰਦਵਾਜ ਨੇ ਕਿਹਾ ਕਿ ਭਾਜਪਾ ਨੇ ਦਿੱਲੀ ਦੀਆਂ ਲੱਖਾਂ ਔਰਤਾਂ ਨਾਲ ਵਾਅਦਾ ਕੀਤਾ ਸੀ ਕਿ 8 ਮਾਰਚ ਤੋਂ ਪਹਿਲਾਂ ਹਰ ਮਹੀਨੇ ਉਨ੍ਹਾਂ ਦੇ ਖਾਤਿਆਂ ਵਿੱਚ 2500 ਰੁਪਏ ਆਉਣੇ ਸ਼ੁਰੂ ਹੋ ਜਾਣਗੇ। ਉਹ ਪੈਸਾ ਨਹੀਂ ਆਇਆ। ਇਸ ਦੇ ਉਲਟ ਇਸ ਲਈ ਕਮੇਟੀ ਬਣਾਈ ਗਈ ਸੀ। ਉਹ ਕਮੇਟੀ ਸਿਰਫ਼ ਮੀਟਿੰਗਾਂ ਕਰ ਰਹੀ ਹੈ ਅਤੇ ਹੁਣ ਤੱਕ ਪੈਸੇ ਦਾ ਕੋਈ ਪਤਾ ਨਹੀਂ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਨੂੰ ਆਪਣੇ ਲਈ 1.5 ਲੱਖ ਰੁਪਏ ਦਾ ਫੋਨ ਖਰੀਦਣਾ ਪੈਂਦਾ ਹੈ ਅਤੇ ਅਸੀਮਤ ਬਿੱਲ ਮੰਗਵਾਉਣਾ ਪੈਂਦਾ ਹੈ, ਤਾਂ ਇ ਸਨੂੰ ਤੁਰੰਤ ਪਾਸ ਕਰ ਦਿੱਤਾ ਜਾਂਦਾ ਹੈ। ਭਾਜਪਾ ਨੂੰ ਇਸ ਲਈ ਵੀ ਇੱਕ ਕਮੇਟੀ ਬਣਾਉਣੀ ਚਾਹੀਦੀ ਸੀ। ਉਨ੍ਹਾਂ ਦਾ ਕੰਮ ਤੁਰੰਤ ਹੋ ਜਾਂਦਾ ਹੈ ਪਰ ਕਮੇਟੀ ਜਨਤਾ ਲਈ ਕੰਮ ਕਰਦੀ ਹੈ।