ਭਾਜਪਾ ਨੇ ਸਰਹੱਦਾਂ ਨੂੰ ਸੁਰੱਖਿਅਤ ਤੇ ਆਰਥਿਕਤਾ ਨੂੰ ਮਜ਼ਬੂਤ ਕੀਤਾ: ਚੰਨੀ
ਐੱਸਏਐੱਸ ਨਗਰ (ਮੁਹਾਲੀ), 15 ਜੂਨ
ਕੇਂਦਰ ਦੀ ਭਾਜਪਾ ਸਰਕਾਰ ਦੇ 11 ਸਾਲ ਪੂਰੇ ਹੋਣ ’ਤੇ ਅੱਜ ਮੁਹਾਲੀ ਵਿੱਚ ਭਾਜਪਾ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਦੀ ਅਗਵਾਈ ਹੇਠ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਜਪਾ ਪੰਜਾਬ ਦੇ ਬੁਲਾਰੇ ਤੇ ਸਾਬਕਾ ਆਈਏਐੱਸ ਐੱਸਐੱਸ ਚੰਨੀ ਨੇ ਕੇਂਦਰ ਵਿੱਚ ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਣ ’ਤੇ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ, ਭਾਜਪਾ ਦੇ ਸੂਬਾ ਖ਼ਜ਼ਾਨਚੀ ਤੇ ਵਿਸ਼ੇਸ਼ ਟੀਮ ਦੇ ਇੰਚਾਰਜ ਸੁਖਵਿੰਦਰ ਸਿੰਘ ਗੋਲਡੀ, ਜ਼ਿਲ੍ਹਾ ਜਨਰਲ ਸਕੱਤਰ ਜਗਦੀਪ ਸਿੰਘ ਔਜਲਾ, ਭਾਜਪਾ ਦੇ ਉਪ-ਪ੍ਰਧਾਨ ਹਰਦੀਪ ਬੈਦਵਾਨ ਵੀ ਮੌਜੂਦ ਸਨ।
ਐਸਐਸ ਚੰਨੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ 11 ਸਾਲਾਂ ਵਿੱਚ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਅਤੇ ਆਰਥਿਕਤਾ ਨੂੰ ਮਜ਼ਬੂਤ ਕੀਤਾ ਗਿਆ ਹੈ। ਜਦੋਂਕਿ ਇਸ ਤੋਂ ਪਹਿਲਾਂ ਗਾਂਧੀ ਪਰਿਵਾਰ ਨੇ ਸਿਰਫ਼ ਆਪਣੇ ਪਰਿਵਾਰ ਨੂੰ ਤਰਜ਼ੀਹ ਦਿੱਤੀ ਗਈ। ਅੱਜ ਭਾਰਤ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ, ਇਹੀ ਨਹੀਂ ਸਰਕਾਰ ਨੇ ਲੋਕਾਂ ਲਈ ਨਵੀਆਂ-ਨਵੀਆਂ ਤਕਨਾਲੋਜੀਆਂ ਵੀ ਉਪਲਬਧ ਕਰਵਾਈਆਂ ਗਈਆਂ।
ਅਪਰੇਸ਼ਨ ਸਿੰਧੂਰ ਬਾਰੇ ਗੱਲ ਕਰਦਿਆਂ ਐੱਸਐੱਸ ਚੰਨੀ ਨੇ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਮੋਦੀ ਸਰਕਾਰ ਨੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੰਦਿਆਂ ਪਾਕਿਸਤਾਨ ਦੇ ਅਤਿਵਾਦੀ ਟਿਕਾਣਿਆਂ ਅਤੇ ਹਵਾਈ ਅੱਡਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਪਾਕਿਸਤਾਨ ਨੂੰ ਉਸਦੇ ਘਰ ਵਿੱਚ ਵੜ ਕੇ ਜਵਾਬ ਦਿੱਤਾ ਗਿਆ।
ਐਸਐਸ ਚੰਨੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਰੂਸ-ਯੂਕਰੇਨ ਯੁੱਧ ਦੌਰਾਨ ਅਪਰੇਸ਼ਨ ਗੰਗਾ, ਅਫ਼ਗ਼ਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਦੌਰਾਨ ਅਪਰੇਸ਼ਨ ਦੇਵੀ ਸ਼ਕਤੀ ਅਤੇ ਕੋਵਿਡ ਮਹਾਂਮਾਰੀ ਦੌਰਾਨ ਵੰਦੇ ਭਾਰਤ ਮਿਸ਼ਨ ਰਾਹੀਂ ਲੱਖਾਂ ਭਾਰਤੀਆਂ ਨੂੰ ਵਿਦੇਸ਼ਾਂ ਤੋਂ ਸੁਰੱਖਿਅਤ ਵਾਪਸ ਵਤਨ ਲਿਆਂਦਾ ਗਿਆ ਸੀ। ਡਾਇਰੈਕਟ ਬੈਨੀਫਿਟ ਟਰਾਂਸਫ਼ਰ ਰਾਹੀਂ ਕੇਂਦਰ ਨੇ ਵਿਚੋਲਿਆਂ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਗਿਆ। ਜਦੋਂਕਿ ਪਹਿਲਾਂ ਛੋਟੇ ਤੋਂ ਛੋਟਾ ਕੰਮ ਵੀ ਵਿਚੋਲੇ ਤੋਂ ਬਿਨਾਂ ਨਹੀਂ ਸੀ ਹੁੰਦਾ। ਕਾਰੋਬਾਰ ਆਸਾਨ ਬਣਾਉਣ, ਮੱਧ ਵਰਗ ਲੋਕਾਂ ਲਈ 12.75 ਲੱਖ ਤੱਕ ਦੀ ਆਮਦਨ ਟੈਕਸ ਛੋਟ, ਚੰਦਰਯਾਨ-3 ਦੀ ਸਫਲਤਾ, ਯਾਤਰਾ ਨੂੰ ਆਸਾਨ ਬਣਾਉਣ ਲਈ ਚਨਾਬ-ਪੁਲ ਦੇ ਉਦਘਾਟਨ ਅਤੇ ਹੋਰ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ।