ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬਸੰਤ ਉਤਸਵ: ਹਿਮਾਚਲੀ ਕਲਾਕਾਰਾਂ ਨੇ ਝੂਮਣ ਲਾਏ ਸਰੋਤੇ

ਕਲਾ ਪਰਿਸ਼ਦ ਵੱਲੋਂ ਕਰਵਾਏ ਸਮਾਗਮ ’ਚ ਦਿਖੀ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਸੱਭਿਆਚਾਰ ਦੀ ਝਲਕ
ਪੇਸ਼ਕਾਰੀ ਦਿੰਦੇ ਹੋਏ ਹਿਮਾਚਲ ਪ੍ਰਦੇਸ਼ ਦੇ ਕਲਾਕਾਰ।
Advertisement

ਸਤਨਾਮ ਸਿੰਘ

ਸ਼ਾਹਬਾਦ ਮਾਰਕੰਡਾ, 16 ਫਰਵਰੀ

Advertisement

ਹਰਿਆਣਾ ਕਲਾ ਪਰਿਸ਼ਦ ਵੱਲੋਂ ਕਰਵਾਏ ਜਾ ਰਹੇ ਬਸੰਤ ਉਤਸਵ ਵਿਚ ਕਲਾਕਾਰਾਂ ਵੱਲੋਂ ਰੰਗ ਬੰਨ੍ਹਿਆ ਜਾ ਰਿਹਾ ਹੈ। ਪਹਿਲੇ ਦਿਨ ਜਿਥੇ ਪੰਜਾਬ ਦੇ ਸੱਭਿਆਚਾਰ ਦਾ ਰੰਗ ਦਿਖਿਆ ਤਾਂ ਦੂਜੇ ਦਿਨ ਰਾਜਸਥਾਨੀ ਝਲਕ ਦੇਖਣ ਨੂੰ ਮਿਲੀ। ਉਤਸਵ ਦੀ ਤੀਜੀ ਸ਼ਾਮ ਕਵੀਆਂ ਦੇ ਨਾਂ ਅਤੇ ਚੌਥੀ ਸ਼ਾਮ ਹਿਮਾਚਲ ਪ੍ਰਦੇਸ਼ ਦੇ ਕਲਾਕਾਰਾਂ ਦੇ ਨਾਂ ਰਹੀ। ਇਸ ਪ੍ਰੋਗਰਾਮ ਵਿਚ ਕੁਰੂਕਸ਼ੇਤਰ ਯੂੂਨੀਵਰਸਿਟੀ ਦੇ ਯੁਵਾ ਤੇ ਸੰਸਕ੍ਰਿਤਕ ਵਿਭਾਗ ਦੇ ਸਾਬਕਾ ਨਿਰਦੇਸ਼ਕ ਤੇ ਵਣਿਜ ਵਿਭਾਗ ਦੇ ਮੁਖੀ ਡਾ. ਤਜਿੰਦਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।

ਬਸੰਤ ਉਤਸਵ ਦੇ ਪ੍ਰੋਗਰਾਮਾਂ ਦੀ ਲੜੀ ਵਿਚ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਡਾ. ਤਜਿੰਦਰ ਸ਼ਰਮਾ ਤੇ ਨਿਰਦੇਸ਼ਕ ਨਾਗੇਂਦਰ ਸ਼ਰਮਾ ਨੇ ਦੀਪ ਜਗਾ ਕੇ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਮੁਦਰਾ ਪਰਫਾਰਮਿੰਗ ਅੰਬਾਲਾ ਦੇ ਕਲਾਕਾਰਾਂ ਵੱਲੋਂ ਕਥਕ ਨ੍ਰਿਤ ਦੀ ਸ਼ਾਨਦਾਰ ਪੇਸ਼ਕਾਰੀ ਨਾਲ ਹੋਈ। ਹਰਿਆਣਾ ਦੇ ਮਹਿਲਾ ਤੇ ਪੁਰਸ਼ ਕਲਾਕਾਰਾਂ ਨੇ ‘ਵੈਲਕਮ ਟੂ ਹਰਿਆਣਾ’ ਗੀਤ ’ਤੇ ਆਪਣੀ ਨ੍ਰਿਤ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

ਹਿਮਾਚਲ ਦੇ ਸਿਰਮੌਰ ਜ਼ਿਲ੍ਹੇ ਤੋਂ ਆਏ ਇੰਦਰ ਸਿੰਘ ਦੀ ਟੀਮ ਨੇ ਸਿਰਮੌਰੀ ਨਾਟੀ ਪੇਸ਼ ਕਰ ਕੇ ਦਰਸ਼ਕਾਂ ਨੂੰ ਹਿਮਾਚਲੀ ਸੰਸਕ੍ਰਿਤੀ ਨਾਲ ਰੁਬਰੂ ਕਰਵਾਇਆ। ਹਿਮਾਚਲ ਪ੍ਰਦੇਸ਼ ਦੇ ਪਹੂਆ ਨ੍ਰਿਤ ਨੇ ਪੰਜਾਬ ਦੇ ਗਿੱਧੇ ਦੀ ਯਾਦ ਦਿਵਾਈ। ਕਥਕ ਨ੍ਰਿਤ ਚਤੁਰੰਗ ਵਿਚ ਮਹਿਲਾ ਕਲਾਕਾਰਾਂ ਨੇ ਪੈਰਾਂ ਦੀ ਥਿਰਕਣ, ਹੱਥਾਂ ਤੇ ਚਿਹਰੇ ਦੇ ਹਾਵ-ਭਾਵ ਰਾਹੀਂ ਇਕ ਦਿਲਕਸ਼ ਦ੍ਰਿਸ਼ ਪੇਸ਼ ਕੀਤਾ। ਏਕਲ ਨ੍ਰਿਤ ਨੂੰ ਵੀ ਖੂਬ ਸਰਾਹਿਆ ਗਿਆ। ਆਖਰੀ ਪੇਸ਼ਕਾਰੀ ਹਰਿਆਣਾ ਰਸੀਆ ਦੀ ਰਹੀ। ਫੁੱਲਾਂ ਦੇ ਨਾਲ ਖੇਡਦੇ ਹੋਏ ਮਨੋਜ ਜਾਲੇ ਦੀ ਟੀਮ ਨੇ ਖੂਬਸੂਰਤੀ ਨਾਲ ਰਸੀਆ ਨਾਚ ਪੇਸ਼ ਕੀਤਾ। ਮੁੱਖ ਮਹਿਮਾਨ ਤਜਿੰਦਰ ਸ਼ਰਮਾ ਨੇ ਸਭ ਨੂੰ ਬਸੰਤ ਦੀ ਵਧਾਈ ਦਿੱਤੀ ਤੇ ਕਿਹਾ ਕਿ ਬਸੰਤ ਆਉਣ ਨਾਲ ਮਾਹੌਲ ਖੁਸ਼ਨੁਮਾ ਹੋ ਜਾਂਦਾ ਹੈ। ਪਸ਼ੂ ਪੰਛੀ ਤੱਕ ਚਹਿਕਣ ਲੱਗ ਜਾਂਦੇ ਹਨ। ਇਸੇ ਪ੍ਰਕਿਰਿਆ ਨੂੰ ਦੇਖਦੇ ਹੋਏ ਕਲਾ ਪਰਿਸ਼ਦ ਨੇ ਬਸੰਤ ਉਤਸਵ ਨੂੰ ਸਫਲ ਬਣਾਇਆ ਹੈ। ਇਸ ਮੌਕੇ ਸ਼ਾਮ ਵੇਲੇ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Advertisement