ਬੈਂਕ ਧੋਖਾਧੜੀ ਕੇਸ: ਈਡੀ ਵੱਲੋਂ ਦਿੱਲੀ-ਐੱਨਸੀਆਰ, ਤਾਮਿਲਨਾਡੂ ਤੇ ਕਰਨਾਟਕ ’ਚ ਛਾਪੇ
ਐਨਫੋਰਸਮੈਂਟ ਡਾਇਰੈਕਟੋਰੇਟ Enforcement Directorate (ਈਡੀ) ਨੇ ਹਰਿਆਣਾ ’ਚ ਸਥਿਤ ਪਾਵਰ ਸੈਕਟਰ ਇੱਕ ਕੰਪਨੀ ਅਤੇ ਇਸ ਦੇ ਪ੍ਰਮੋਟਰਾਂ ਵੱਲੋਂ ਕੀਤੀ 346 ਕਰੋੜ ਰੁਪਏ ਦੀ ਕਥਿਤ ਬੈਂਕ ਧੋਖਾਧੜੀ ਦੇ ਮਾਮਲੇ ਨਾਲ ਜੁੜੀ ਮਨੀ ਲਾਂਡਰਿੰਗ ਜਾਂਚ ਤਹਿਤ ਅੱਜ ਦਿੱਲੀ-ਐਨਸੀਆਰ, ਤਾਮਿਲਨਾਡੂ ਅਤੇ ਕਰਨਾਟਕ ਵਿੱਚ ਛਾਪੇ ਮਾਰੇ ਹਨ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਇਹ ਜਾਂਚ ਗੁਰੂਗ੍ਰਾਮ ਸਥਿਤ ਹਾਈਥਰੋ ਪਾਵਰ ਕਾਰਪੋਰੇਸ਼ਨ ਲਿਮਟਿਡ (ਐੱਚਪੀਸੀਐੱਲ/(HPCL), ਜੋ ਕਿ liquidation ਦੇ ਦੌਰ ਵਿੱਚੋਂ ਲੰਘ ਰਹੀ ਹੈ ਅਤੇ ਇਸ ਦੇ ਡਾਇਰੈਕਟਰਾਂ Amul Gabrani and Ajay Kumar Bishnoi ਤੋਂ ਇਲਾਵਾ ਕੁਝ ਹੋਰ ਵਿਅਕਤੀਆ ਵਿਰੁੱਧ ਚੱਲ ਰਹੀ ਹੈ। ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐੱਮਐੱਲਏ) ਤਹਿਤ ਦਰਜ ਈਡੀ ਦਾ ਇਹ ਮਾਮਲਾ ਫਰਵਰੀ 2025 ਦੀ ਸੀਬੀਆਈ ਐੱਫਆਈਆਰ ਨਾਲ ਜੁੜਿਆ ਹੈ। ਇਸ ਵਿੱਚ ਪ੍ਰਮੋਟਰਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਕਰਜ਼ੇ ਦੀ ਰਕਮ ਆਪਣੀਆਂ ਕੁਝ ਸਬੰਧਤ ਸੰਸਥਾਵਾਂ ਨੂੰ ‘ਟਰਾਂਸਫਰ ਕਰ ਦਿੱਤੀ, ਜਿਸ ਨਾਲ ਬੈਂਕਾਂ ਨੂੰ ਨੁਕਸਾਨ ਹੋਇਆ। ਸੂਤਰਾਂ ਨੇ ਦੱਸਿਆ ਕਿ ਈਡੀ ਦੇ ਗੁਰੂਗ੍ਰਾਮ ਜ਼ੋਨਲ ਦਫਤਰ ਨੇ ਇਸ ਜਾਂਚ ਤਹਿਤ ਕੌਮੀ ਰਾਜਧਾਨੀ ਖੇਤਰ ’ਚ ਪੰਜ ਟਿਕਾਣਿਆਂ, ਚੇਨੱਈ ਵਿੱਚ ਤਿੰਨ ਅਤੇ ਬੰਗਲੁਰੂ ਵਿੱਚ ਇੱਕ ਟਿਕਾਣੇ ’ਤੇ ਛਾਪਾ ਮਾਰਿਆ।
ਕੇਸ ਦੇ ਵੇਰਵਿਆਂ ਅਨੁਸਾਰ, ਸ਼ਿਕਾਇਤਕਰਤਾ ਬੈਂਕਾਂ ਵੱਲੋਂ ਐਲਾਨੀ ਕਥਿਤ ਧੋਖਾਧੜੀ 346.08 ਕਰੋੜ ਰੁਪਏ ਦੀ ਹੈ, ਜਿਸ ਵਿੱਚ ਪੀਐੱਨਬੀ ਦੁਆਰਾ 168.07 ਕਰੋੜ ਰੁਪਏ, ਆਈਸੀਆਈਸੀਆਈ ਬੈਂਕ ਦੁਆਰਾ 77.81 ਕਰੋੜ ਰੁਪਏ, ਕੋਟਕ ਮਹਿੰਦਰਾ ਬੈਂਕ ਦੁਆਰਾ 44.49 ਕਰੋੜ ਰੁਪਏ ਅਤੇ ਯੂਨੀਅਨ ਬੈਂਕ ਦੁਆਰਾ 55.71 ਕਰੋੜ ਰੁਪਏ ਸ਼ਾਮਲ ਹਨ। ਇਹ ਧੋਖਾਧੜੀ 2009 ਅਤੇ 2015 ਦੇ ਵਿਚਕਾਰ ਹੋਈ ਦੱਸੀ ਗਈ ਹੈ। ਜਾਂਚ ਏਜੰਸੀ ਨੇ ਦੋਸ਼ ਲਾਇਆ ਹੈ ਕਿ HPCL ਨੇ ਪੈਸੇ ਅਤੇ ਜਾਇਦਾਦਾਂ ਦੀ ਦੁਰਵਰਤੋਂ ਕਰਨ ਲਈ ਸਬੰਧਤ ਸੰਸਥਾਵਾਂ ਦੀ ਵਰਤੋਂ ਕੀਤੀ, ਜਿਸ ਨਾਲ ਕਰਜ਼ ਦੇਣ ਵਾਲਿਆਂ ਨੂੰ ਨੁਕਸਾਨ ਹੋਇਆ।