ਮੁਲਜ਼ਮ ਨੂੰ ਫੜਨ ਆਈ ਪੁਲੀਸ ’ਤੇ ਹਮਲਾ
ਸਤਪਾਲ ਰਾਮਗੜ੍ਹੀਆ
ਪਿਹੋਵਾ, 15 ਮਈ
ਵਾਹਨ ਚੋਰੀ ਦੇ ਮਾਮਲੇ ਵਿੱਚ ਪਿਹੋਵਾ ਵਿਖੇ ਛਾਪਾ ਮਾਰਨ ਆਈ ਕੈਥਲ ਪੁਲੀਸ ’ਤੇ ਸਥਾਨਕ ਲੋਕਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਲੋਕਾਂ ਨੇ ਤਿੰਨ ਮੁਲਜ਼ਮਾਂ ਨੂੰ ਛੁਡਾ ਲਿਆ। ਪੁਲੀਸ ਮੁਲਾਜ਼ਮਾਂ ਦੀ ਵਰਦੀ ਪਾੜ ਦਿੱਤੀ। ਇਸ ਸਬੰਧੀ ਵੀਡੀਓ ਵੀ ਵਾਇਰਲ ਹੋ ਗਈ। ਜ਼ਿਕਰਯੋਗ ਹੈ ਕਿ ਕੁਰੂਕਸ਼ੇਤਰ ਦੇ ਪਿਹੋਵਾ ਦਾ ਰਹਿਣ ਵਾਲਾ ਬਲਵਿੰਦਰ ਉਰਫ਼ ਬੀਰਾ ਵਾਹਨ ਚੋਰੀ ਦੇ ਮਾਮਲੇ ਵਿੱਚੋਂ ਫ਼ਰਾਰ ਹੈ। ਪੁਲੀਸ ਟੀਮ ਮੁਲਜ਼ਮ ਰੋਹਤਕ ਦੇ ਲਖਣ ਮਾਜਰਾ ਵਾਸੀ ਸੁਨੀਲ ਉਰਫ ਇੰਨੀ ਵੱਲੋਂ ਦਿੱਤੀ ਗਈ ਜਾਣਕਾਰੀ ’ਤੇ ਪਿਹੋਵਾ ਵਿੱਚ ਛਾਪਾ ਮਾਰਨ ਆਈ ਸੀ। ਪੁਲੀਸ ਨੇ ਬਲਵਿੰਦਰ ਉਰਫ਼ ਬੀਰਾ ਨੂੰ ਗ੍ਰਿਫ਼ਤਾਰ ਕਰਨ ਲਈ ਪਿਹੋਵਾ ਦੇ ਪਿੰਡ ਮੋਰਥਲੀ ਵਿੱਚ ਸੰਧੂ ਫਾਰਮ ’ਤੇ ਛਾਪਾ ਮਾਰਿਆ। ਏਐੱਸਆਈ ਅਸ਼ੋਕ ਨੇ ਦੱਸਿਆ ਕਿ ਜਦੋਂ ਪੁਲੀਸ ਬਲਵਿੰਦਰ ਦਾ ਪਿੱਛਾ ਕਰ ਰਹੀ ਸੀ, ਤਾਂ ਮੁਲਜ਼ਮ ਦੇ ਪਰਿਵਾਰਕ ਮੈਂਬਰ ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਸਨ, ਨੇ ਪੁਲੀਸ ਟੀਮ ’ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੀ ਵਰਦੀ ਵੀ ਪਾੜ ਦਿੱਤੀ। ਹਮਲੇ ਵਿੱਚ ਪੁਲੀਸ ਵਾਲੇ ਜ਼ਖਮੀ ਹੋ ਗਏ। ਇਸ ਦੌਰਾਨ ਟੀਮ ਨੇ ਹਮਲੇ ਦੇ ਤਿੰਨ ਮੁਲਜ਼ਮਾਂ ਰਿੰਕੂ ਉਰਫ਼ ਬੀਰਾ, ਕਾਕੂ, ਮੋਲੂ ਨੂੰ ਫੜ ਲਿਆ ਪਰ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੇ ਮੁੜ ਟੀਮ ’ਤੇ ਹਮਲਾ ਕਰ ਦਿੱਤਾ। ਲੋਕਾਂ ਨੇ ਰਿੰਕੂ ਉਰਫ਼ ਬੀਰਾ, ਕਾਕੂ ਅਤੇ ਮੋਲੂ ਨੂੰ ਛੁਡਾ ਲਿਆ। ਪੁਲੀਸ ਸਿਰਫ਼ ਬਲਵਿੰਦਰ ਨੂੰ ਹੀ ਆਪਣੇ ਨਾਲ ਲੈ ਜਾ ਸਕੀ। ਪੁਲੀਸ ਟੀਮ ਵਿੱਚ ਏਐੱਸਆਈ ਅਸ਼ੋਕ ਅਤੇ ਜਸਮੇਰ, ਹੈੱਡ ਕਾਂਸਟੇਬਲ ਸੁਨੀਲ, ਹੋਮ ਗਾਰਡ ਜਤਿੰਦਰ ਅਤੇ ਡਰਾਈਵਰ ਸੁਭਾਸ਼ ਸ਼ਾਮਲ ਸਨ। ਥਾਣਾ ਸਦਰ ਪਿਹੋਵਾ ਦੇ ਐੱਸਐੱਚਓ ਜਗਦੀਸ਼ ਚੰਦਰ ਨੇ ਕਿਹਾ ਕਿ ਛੇ ਔਰਤਾਂ ਸਣੇ ਨੌਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚ ਅੰਜਲੀ, ਕਾਜਲ, ਪਿੰਕੀ, ਸਕੀਨਾ, ਕਮਲਾ, ਬਬਲੀ ਅਤੇ ਤਿੰਨ ਮੁਲਜ਼ਮ ਰਿੰਕੂ, ਕਾਕੂ ਅਤੇ ਮੋਲੂ ਸ਼ਾਮਲ ਹਨ।