ਥਲ ਸੈਨਾ ਦੇ ਜਵਾਨਾਂ ਤੇ ਜਰਨੈਲਾਂ ਨੂੰ ਹਰ ਸਾਲ ਦੇਣਾ ਪਵੇਗਾ ਫਿਟਨੈੱਸ ਟੈਸਟ
ਨਵੇਂ ਫਿਟਨੈੱਸ ਮਾਪਦੰਡ ਤੈਅ; ਨਿਯਮ ਅਗਲੇ ਸਾਲ ਪਹਿਲੀ ਅਪਰੈਲ ਤੋਂ ਹੋਣਗੇ ਲਾਗੂ
ਭਾਰਤੀ ਥਲ ਸੈਨਾ ਨੇ ਨਵਾਂ ਫਿਟਨੈੱਸ ਮਾਪਦੰਡ ਪੇਸ਼ ਕੀਤੇ ਹਨ ਜਿਸ ਤਹਿਤ ਅਗਨੀਵੀਰ ਤੋਂ ਲੈ ਕੇ ਜਨਰਲਾਂ (ਅਧਿਕਾਰੀਆਂ) ਤੱਕ ਸਾਰੇ ਰੈਂਕਾਂ ਦੇ ਜਵਾਨਾਂ ਲਈ ਸਰੀਰਕ ਪਰਖ ਲਾਜ਼ਮੀ ਕਰ ਦਿੱਤੀ ਗਈ ਹੈ। ਇਸ ਦਾ ਮਤਲਬ ਹੈ ਕਿ ਇਹ ਨੇਮ 13 ਲੱਖ ਜਵਾਨਾਂ ਵਾਲੇ ਪੂਰੇ ਬਲ ’ਤੇ ਲਾਗੂ ਹੋਣਗੇ।
ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਸੰਯੁਕਤ ਸਰੀਰਕ ਟੈਸਟ (ਸੀ ਪੀ ਟੀ) ਨਾਮੀ ਨਵਾਂ ਫਰੇਮਵਰਕ ਮੌਜੂਦਾ ਜੰਗੀ ਸਰੀਰਕ ਨਿਪੁੰਨਤਾ ਟੈਸਟ (ਬੀ ਪੀ ਈ ਟੀ) ਅਤੇ ਫਿਜ਼ੀਕਲ ਪ੍ਰੌਫੀਸ਼ਿਐਂਸੀ ਟੈਸਟ (ਪੀ ਪੀ ਟੀ) ਦਾ ਰਲੇਵਾਂ ਕਰਕੇ ਮੁਲਾਂਕਣ ਨੂੰ ਵਿਆਪਕ ਬਣਾਉਂਦਾ ਹੈ ਅਤੇ ਇਹ ਆਧੁਨਿਕ ਜੰਗ ਦੀਆਂ ਉੱਭਰਦੀਆਂ ਅਪਰੇਸ਼ਨਲ ਲੋੜਾਂ ਨੂੰ ਦਰਸਾਉਂਦਾ ਹੈ। ਇਹ ਟੈਸਟ ਸਾਲ ’ਚ ਦੋ ਵਾਰ ਲਿਆ ਜਾਵੇਗਾ ਅਤੇ 60 ਸਾਲ ਦੀ ਉਮਰ ਤੱਕ ਦੇ ਸਾਰੇ ਕਰਮਚਾਰੀਆਂ ’ਤੇ ਲਾਗੂ ਹੋਵੇਗਾ।
ਲੈਫਟੀਨੈਂਟ ਜਨਰਲ ਰੈਂਕ ਦੇ ਅਧਿਕਾਰੀ (ਜੋ ਫ਼ੌਜ ਮੁਖੀ ਤੋਂ ਬਾਅਦ ਸਭ ਤੋਂ ਸੀਨੀਅਰ ਹੁੰਦੇ ਹਨ) 60 ਸਾਲ ਦੀ ਉਮਰ ਵਿੱਚ ਸੇਵਾਮੁਕਤ ਹੁੰਦੇ ਹਨ। ਫ਼ੌਜ ਮੁਖੀ 62 ਸਾਲ ਦੀ ਉਮਰ ਤੱਕ ਸੇਵਾਵਾਂ ਦਿੰਦੇ ਹਨ। ਹੁਣ ਤੱਕ ਬੀ ਪੀ ਈ ਟੀ 45 ਸਾਲ ਦੀ ਉਮਰ ਤੱਕ ਅਤੇ ਪੀ ਪੀ ਟੀ 50 ਸਾਲ ਦੀ ਉਮਰ ਤੱਕ ਲਿਆ ਜਾਂਦਾ ਸੀ। ਇਹ ਨਵੇਂ ਨੇਮ 1 ਅਪਰੈਲ 2026 ਤੋਂ ਲਾਗੂ ਹੋਣਗੇ, ਜਦੋਂ ਕਿ ਥਲ ਸੈਨਾ ਦੀ ਹਰੇਕ ਯੂਨਿਟ ਵਿੱਚ ਇਸ ਦੀ ਤਿਆਰੀ 15 ਅਕਤੂਬਰ ਤੋਂ ਸ਼ੁਰੂ ਹੋ ਜਾਵੇਗੀ। ਟੈਸਟ ਦੇ ਮਾਪਦੰਡ ਹਰੇਕ ਉਮਰ ਵਰਗ ਲਈ ਵੱਖੋ-ਵੱਖਰੇ ਹੋਣਗੇ। ਟੈਸਟ ਲਈ ਭੂਗੋਲ ਤੇ ਜਲਵਾਯੂ ਜਿਸ ਜਗ੍ਹਾ ’ਤੇ ਟੈਸਟ ਹੋਣਾ ਹੈ, ਦੇ ਮਾਪਦੰਡਾਂ ਨੂੰ ਧਿਆਨ ’ਚ ਰੱਖਿਆ ਗਿਆ ਹੈ। ਇਸ ਵਿੱਚ 9,000 ਫੁੱਟ ਤੋਂ ਵੱਧ ਉਚਾਈ ਵਾਲੇ ਖੇਤਰਾਂ ਵਿੱਚ ਯੂਨਿਟਾਂ ਲਈ ਮਾਪਦੰਡਾਂ ਵਿੱਚ ਛੋਟ ਦਿੱਤੀ ਗਈ ਹੈ।
ਉਮਰ-ਆਧਾਰਿਤ ਟੈਸਟਾਂ ਵਿੱਚ ਫ਼ੌਜੀਆਂ ਲਈ 3.2 ਕਿਲੋਮੀਟਰ ਦੌੜ, ਨਿਰਧਾਰਤ ਗਿਣਤੀ ’ਚ ਡੰਡ ਤੇ ਬੈਠਕਾਂ ਸ਼ਾਮਲ ਹਨ। ਨੌਜਵਾਨ ਸੈਨਿਕਾਂ ਨੂੰ ਸਿੱਧੀ ਰੱਸੀ ਚੜ੍ਹਨ ਦੀ ਸਮਰੱਥਾ ਵੀ ਦਿਖਾਉਣੀ ਪਵੇਗੀ। ਇਸ ਟੈਸਟ ਤਹਿਤ ਨਵੀਂ ਗ੍ਰੇਡਿੰਗ ਪ੍ਰਣਾਲੀ ਵੀ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਟੈਸਟ ਪੂਰਾ ਕਰਨ ਲਈ ‘ਸੁਪਰ ਐਕਸੀਲੈਂਟ’, ‘ਐਕਸੀਲੈਂਟ’, ‘ਵਧੀਆ’ ਅਤੇ ‘ਸੰਤੁਸ਼ਟੀਜਨਕ’ ਵਜੋਂ ਗ੍ਰੇਡ ਦਿੱਤੇ ਜਾਣਗੇ। ਟੈਸਟ ਦੇ ਸਕੋਰ ਸਾਲਾਨਾ ਗੁਪਤ ਰਿਪੋਰਟਾਂ (ਏ ਸੀ ਆਰ) ਵਿੱਚ ਸ਼ਾਮਲ ਕੀਤੇ ਜਾਣਗੇ, ਜਿਸ ਨਾਲ ਤਰੱਕੀਆਂ ਤੇ ਮੁਲਾਂਕਣ ਅਸਰਅੰਦਾਜ਼ ਹੋਣਗੇ।
‘ਯੂਨਿਟ ਅਪਰੇਸ਼ਨਲ ਨਿਪੁੰਨਤਾ ਟੈਸਟ’ ਵੀ ਸ਼ੁਰੂ
ਪਹਿਲੀ ਵਾਰ ‘ਯੂਨਿਟ ਅਪਰੇਸ਼ਨਲ ਨਿਪੁੰਨਤਾ ਟੈਸਟ’ ਵੀ ਸ਼ੁਰੂ ਕੀਤਾ ਗਿਆ ਹੈ। ਇਸ ਵਿੱਚ ਜੰਗ ਲਈ ਲੋੜੀਂਦੀ ਸਮੂਹਿਕ ਸਰੀਰਕ ਸਹਿਣਸ਼ੀਲਤਾ ਉਤਸ਼ਾਹਿਤ ਕਰਨ ਅਤੇ ਤਾਲਮੇਲ ਯਕੀਨੀ ਬਣਾਉਣ ਲਈ ਪੂਰੀ ਯੂਨਿਟ ਵੱਲੋਂ ਰੂਟ ਮਾਰਚ ਕੀਤੇ ਜਾਣਗੇ। ਤਕਨੀਕੀ ਤਰੱਕੀ ਹੋਣ ਬਾਵਜੂਦ, ਸਰੀਰਕ ਸਹਿਣਸ਼ੀਲਤਾ, ਫੁਰਤੀ ਤੇ ਮਾਨਸਿਕ ਦ੍ਰਿੜਤਾ ਜੰਗ ਦੀ ਤਿਆਰੀ ਲਈ ਬੁਨਿਆਦੀ ਮਾਪਦੰਡ ਹਨ।