ਨਸ਼ਾ ਵਿਰੋਧੀ ਮੁਹਿੰਮ: ਪੁਲੀਸ ਵੱਲੋਂ ਪਿੰਡਾਂ ਦਾ ਦੌਰਾ
ਇੱਥੋਂ ਦੀ ਪੁਲੀਸ ਨੇ ਜਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਪੁਲੀਸ ਕਪਤਾਨ ਨਿਤੀਸ਼ ਅਗਰਵਾਲ ਦੀ ਅਗਵਾਈ ਹੇਠ ਪਿੰਡਾਂ ਦਾ ਦੌਰਾ ਕੀਤਾ। ਪੁਲਿਸ ਟੀਮ ਨੇ ਅੱਜ ਪਿੰਡ ਬਾਹਰੀ ,ਬਿਸ਼ਨ ਗੜ੍ਹ ਅਤੇ ਫੌਜੀ ਕਾਲੋਨੀ ਦਾ ਦੌਰਾ ਕੀਤਾ ਤੇ ਪਿੰਡ ਵਾਸੀਆਂ ਨਾਲ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ। ਸਬ ਇੰਸਪੈਕਟਰ ਰਾਜੇਸ਼ ਕੁਮਾਰ ਨੇ ਕਿਹਾ ਕਿ ਜੇਕਰ ਪੁਲਿਸ ਅਤੇ ਆਮ ਲੋਕ ਤਾਲਮੇਲ ਨਾਲ ਕੰਮ ਕਰਨ ਤਾਂ ਨਸ਼ੇ ਵਰਗੀਆਂ ਬੁਰਾਈਆਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਪਿੰਡ ਵਿੱਚ ਕੋਈ ਨਸ਼ਾ ਵੇੇਚਦਾ ਜਾਂ ਸੇਵਨ ਕਰਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ, ਸੂਚਨਾ ਦੇਣ ਵਾਲੇ ਦਾ ਨਾਂਂਅ ਗੁਪਤ ਰਖਿੱਆ ਜਾਵੇਗਾ। ਸਬ-ਇੰਸਪੈਕਟਰ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜੇ ਕੋਈ ਸਮਾਜ ਵਿਰੋਧੀ ਤੱਤ, ਸ਼ੱਕੀ ਵਿਅਕਤੀ ਜਾਂ ਵਾਹਨ ਦਿਖਾਈ ਦਿੰਦਾ ਹੈ ਤਾਂ ਤੁਰੰਤ 112 ’ਤੇ ਸੂਚਿਤ ਕੀਤਾ ਜਾਵੇ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਪੁਲੀਸ ਦਾ ਸਾਥ ਦੇਣ ਦੀ ਅਪੀਲ ਕੀਤੀ ਤਾਂ ਜੋ ਵੱਖ-ਵੱਖ ਅਪਰਾਧਾਂ ਨੂੰ ਠੱਲ ਪਾਈ ਜਾ ਸਕੇ। ਉੱਧਰ ਪਿੰਡ ਵਾਸੀਆਂ ਨੇ ਪੁਲੀਸ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।