ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 11 ਜੁਲਾਈ
ਇੱਥੋਂ ਦੀ ਪੁਲੀਸ ਨੇ ਜਨਤਕ ਥਾਂ ’ਤੇ ਹੰਗਾਮਾ ਕਰਨ ਅਤੇ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਦੇ ਮਾਮਲੇ ਵਿੱਚ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਨੌਜਵਾਨ ਦੀ ਪਛਾਣ ਅਭਿਸ਼ੇਕ ਕੁਮਾਰ ਵਾਸੀ ਵਾਰਡ ਨੰਬਰ 14, ਰਤੀਆ ਵਜੋਂ ਹੋਈ ਹੈ। ਇਸ ਤੋਂ ਪਹਿਲਾਂ ਵੀ ਇਸੇ ਮਾਮਲੇ ਵਿੱਚ ਤਿੰਨ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਥਾਣਾ ਸਿਟੀ ਦੇ ਇੰਚਾਰਜ ਸਬ-ਇੰਸਪੈਕਟਰ ਰਣਜੀਤ ਨੇ ਦੱਸਿਆ ਕਿ 30 ਜਨਵਰੀ ਨੂੰ ਸੁਰੱਖਿਆ ਅਧਿਕਾਰੀ ਈਐਸਆਈ ਕਮਲ ਸਿੰਘ ਗੁਪਤਾ ਡਿਊਟੀ ’ਤੇ ਸਨ। ਸ਼ਾਮ ਚਾਰ ਵਜੇ ਦੇ ਕਰੀਬ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਦੇਵੀ ਲਾਲ ਮਾਰਕੀਟ, ਮੰਗਲਾ ਸਟੋਰ ਨੇੜੇ ਦੋ ਧਿਰਾਂ ਵਿਚਕਾਰ ਲੜਾਈ ਹੋ ਰਹੀ ਹੈ। ਮੌਕੇ ’ਤੇ ਪਹੁੰਚ ਕੇ ਦੇਖਿਆ ਗਿਆ ਕਿ ਸੜਕ ’ਤੇ ਅੱਠ-ਦਸ ਨੌਜਵਾਨ ਅਤੇ ਇੱਕ ਕੁੜੀ ਹੰਗਾਮਾ ਕਰ ਰਹੇ ਸਨ, ਜਿਸ ਕਾਰਨ ਆਵਾਜਾਈ ਵਿੱਚ ਰੁਕਾਵਟ ਆ ਰਹੀ ਸੀ। ਜਦੋਂ ਸੁਰੱਖਿਆ ਅਧਿਕਾਰੀ ਨੇ ਸਥਿਤੀ ਦੀ ਵੀਡੀਓ ਰਿਕਾਰਡ ਕਰਨੀ ਸ਼ੁਰੂ ਕੀਤੀ, ਤਾਂ ਹੰਗਾਮਾ ਕਰਨ ਵਾਲਿਆਂ ਨੇ ਉਸਦਾ ਮੋਬਾਈਲ ਫੋਨ ਖੋਹਣ ਅਤੇ ਧੱਕਾ ਦੇਣ ਦੀ ਕੋਸ਼ਿਸ਼ ਕੀਤੀ, ਸਰਕਾਰੀ ਕੰਮ ਵਿੱਚ ਵਿਘਨ ਪਾਇਆ ਤੇ ਗਲਾ ਫੜ ਲਿਆ, ਉਨ੍ਹਾਂ ਦੀ ਕਮੀਜ਼ ਪਾੜ ਦਿੱਤੀ ਅਤੇ ਗਾਲ੍ਹਾਂ ਕੱਢਦੇ ਹੋਏ ਜਾਨੋਂ ਮਾਰਨ ਦੀ ਧਮਕੀ ਦਿੱਤੀ। ਸੂਚਨਾ ਮਿਲਣ ’ਤੇ ਰਤੀਆ ਸ਼ਹਿਰ ਪੁਲੀਸ ਸਟੇਸ਼ਨ ਤੋਂ ਟੀਮ ਮੌਕੇ ’ਤੇ ਪਹੁੰਚੀ। ਪੁਲੀਸ ਨੂੰ ਦੇਖ ਕੇ ਕੁਝ ਨੌਜਵਾਨ ਆਪਣੇ ਮੋਟਰਸਾਈਕਲ ਲੈ ਕੇ ਭੱਜ ਗਏ, ਜਦੋਂ ਕਿ ਇੱਕ ਨੌਜਵਾਨ ਅਤੇ ਇੱਕ ਔਰਤ ਨੂੰ ਮੌਕੇ ’ਤੇ ਫੜ ਲਿਆ ਗਿਆ। ਸੁਰੱਖਿਆ ਅਧਿਕਾਰੀ ਦੀ ਸ਼ਿਕਾਇਤ ’ਤੇ, ਰਤੀਆ ਸ਼ਹਿਰ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।