ਦਿੱਲੀ ਨੂੰ ਸਾਫ਼ ਰੱਖਣ ਲਈ ਸਖ਼ਤ ਕਦਮ ਚੁੱਕਣ ਦਾ ਐਲਾਨ
ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਜੂਨ
ਮੁੱਖ ਮੰਤਰੀ ਰੇਖਾ ਗੁਪਤਾ ਨੇ ਰਾਜਧਾਨੀ ਦਿੱਲੀ ਨੂੰ ਸਾਫ਼ ਰੱਖਣ ਲਈ ਸਖ਼ਤ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਨੂੰ ਗੰਦਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਵਿਸ਼ੇਸ਼ ਆਰਡੀਨੈਂਸ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਕੰਧਾਂ ਨੂੰ ਗੰਦਾ ਕਰਨਾ ਜਾਂ ਜਨਤਕ ਥਾਵਾਂ ’ਤੇ ਕੂੜਾ ਫੈਲਾਉਣਾ ਕਿਸੇ ਵੀ ਕੀਮਤ ‘ਤੇ ਸਵੀਕਾਰ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਰੇਖਾ ਗੁਪਤਾ ਨੇ ਇਹ ਵੀ ਕਿਹਾ ਕਿ ਹਰ ਦਿੱਲੀ ਵਾਸੀ ਨੂੰ ਵਾਤਾਵਰਨ ਰੱਖਿਅਕ ਬਣਨਾ ਪਵੇਗਾ ਤਾਂ ਜੋ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਵਾਤਾਵਰਨ ਅਨੁਕੂਲ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਇਕੱਲੀ ਸ਼ਹਿਰ ਨੂੰ ਸਾਫ਼ ਨਹੀਂ ਕਰ ਸਕਦੀ, ਇਸ ਲਈ ਜਨਤਾ ਦੀ ਭਾਗੀਦਾਰੀ ਜ਼ਰੂਰੀ ਹੈ। ਲੋਕਾਂ ਨੂੰ ਦਿੱਲੀ ਨੂੰ ਸਾਫ਼ ਰੱਖਣ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਣ ਦੀ ਅਪੀਲ ਕੀਤੀ। ਪਿਛਲੀਆਂ ਸਰਕਾਰਾਂ ‘ਤੇ ਤਨਜ਼ ਕੱਸਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖਜ਼ਾਨਾ ਤਾਂ ਸਾਫ਼ ਕੀਤਾ ਪਰ ਸ਼ਹਿਰ ਤੋਂ ਧੂੜ ਨਹੀਂ ਹਟਾਈ। ਮੁੱਖ ਮੰਤਰੀ ਨੇ ਇਹ ਪ੍ਰਗਟਾਵਾ ਸਭ ਕੁਝ ਦਿੱਲੀ ਸਕੱਤਰੇਤ ਕਰਵਾਏ ਸਮਾਗਮ ਵਿੱਚ ‘ਬਸਿਕਸ ਆਫ਼ ਲੈਂਡਸਕੇਪਿੰਗ’ ਕਿਤਾਬ ਦੇ ਹਿੰਦੀ ਅਤੇ ਅੰਗਰੇਜ਼ੀ ਸੰਸਕਰਣ ਦੇ ਰਿਲੀਜ਼ ਦੌਰਾਨ ਕਿਹਾ। ਇਸ ਮੌਕੇ ਸੰਸਦ ਮੈਂਬਰ ਮਨੋਜ ਤਿਵਾੜੀ, ਸੈਰ-ਸਪਾਟਾ ਮੰਤਰੀ ਕਪਿਲ ਮਿਸ਼ਰਾ, ਦਿੱਲੀ ਪੁਲੀਸ ਦੇ ਵਿਸ਼ੇਸ਼ ਕਮਿਸ਼ਨਰ ਰੌਬਿਨ ਹਿਬੂ ਅਤੇ ਸਾਬਕਾ ਆਈਏਐੱਸ ਅਧਿਕਾਰੀ ਰਾਜੀਵ ਤਲਵਾੜ ਮੌਜੂਦ ਸਨ।