ਘੱਗਰ ’ਚ ਤੇਜ਼ੀ ਨਾਲ ਵਧੇ ਪਾਣੀ ਕਾਰਨ ਅਲਰਟ ਜਾਰੀ
ਇਲਾਕੇ ਵਿੱਚ ਵਿਚਰਦੇ ਘੱਗਰ ਦਰਿਆ ਦਾ ਡਰ ਹੁਣੀ ਨੇੜੇ ਦੇ ਲੋਕਾਂ ਨੂੰ ਸਤਾਉਣ ਲੱਗਿਆ ਹੈ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਪਹਾੜਾਂ ਵਿਚ ਪਏ ਜ਼ੋਰਦਾਰ ਮੀਂਹ ਕਾਰਨ ਘੱਗਰ ਵਿਚ ਆਏ ਪਾਣੀ ਨੂੰ ਖਤਰੇ ਦੇ ਨਿਸ਼ਾਨ ਤੋਂ ਕਾਫੀ ਹੇਠਾਂ ਦੱਸਦਿਆਂ ਇਸ ਤੋਂ ਕਿਸੇ ਤਰ੍ਹਾਂ ਦਾ ਭੈਅ ਨਾ ਮੰਨਣ ਦੀ ਗੱਲ ਕਹੀ ਹੈ।
ਐੱਸਡੀਐੱਮ ਸੁਰੇਂਦਰ ਸਿੰਘ ਨੇ ਭਰੋਸਾ ਦਿੱਤਾ ਹੈ ਕਿ ਹੜ੍ਹਾਂ ਦੀ ਸੰਭਾਵਨਾ ਦੇ ਮੱਦੇਨਜ਼ਰ ਘੱਗਰ ਦਰਿਆ ਦੇ ਨੇੜੇ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਪੁਖ਼ਤਾ ਬਚਾਅ ਪ੍ਰਬੰਧ ਪਹਿਲਾਂ ਤੋਂ ਹੀ ਮੁਕੰਮਲ ਕੀਤੇ ਹੋਏ ਹਨ। ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਮੁਕੰਮਲ ਹਨ। ਲੋਕਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਭੈਅ ਨਹੀਂ ਮੰਨਣਾ ਚਾਹੀਦਾ। ਜ਼ਿਕਰਯੋਗ ਹੈ ਕਿ ਘੱਗਰ ਦਰਿਆ ਮੀਂਹਾਂ ਦੇ ਮੌਸਮ ਦਰਮਿਆਨ ਪੂਰੀ ਤਰ੍ਹਾਂ ਚੜ੍ਹਦਾ ਹੈ। ਹਿਮਾਚਲ ਦੇ ਪਹਾੜਾਂ ਵਿਚ ਮੀਂਹ ਪੈਂਦਾ ਹੈ ਤਾਂ ਸਾਰਾ ਪਾਣੀ ਘੱਗਰ ਵਿਚ ਆ ਕੇ ਡਿੱਗਦਾ ਹੈ। ਰਤੀਆ ਵਿਚੋਂ ਲੰਘਦੇ ਇਸ ਦਰਿਆ ਦੇ ਕਿਨਾਰੇ ਕੱਚੇ ਹਨ, ਜੋ ਦੂਰ ਤੱਕ ਫੈਲੇ ਹੋਏ ਹਨ। ਜਦੋਂ ਘੱਗਰ ਨੱਕੋ-ਨੱਕ ਭਰ ਜਾਂਦਾ ਹੈ ਤਾਂ ਉਸ ਦਾ ਉਛੱਲਦਾ ਪਾਣੀ ਵੱਡੀ ਤਬਾਹੀ ਮਚਾਉਂਦਾ ਹੈ। ਇਹ ਪਾਣੀ ਖੇਤੀ ਵਿੱਚ ਵੀ ਅਤੇ ਮਾਲ, ਪਸ਼ੂਆਂ ਦਾ ਵੀ ਨੁਕਸਾਨ ਕਰ ਦਿੰਦਾ ਹੈ। ਪਿਛਲੇ ਸਮੇਂ ਵਿਚ ਘੱਗਰ ਵੱਡੀ ਤਬਾਹੀ ਮਚਾ ਚੁੱਕਾ ਹੈ। ਘੱਗਰ ਦੇ ਚੜ੍ਹਦੇ ਪਾਣੀ ਕਾਰਨ ਇਸ ਇਲਾਕੇ ਦੇ ਅਨੇਕਾਂ ਪਿੰਡਾਂ ਦਾ ਸੰਪਰਕ ਟੁੱਟ ਜਾਂਦਾ ਹੈ। ਜਿਸ ਨੂੰ ਲੈ ਕੇ ਹਰ ਵਾਰ ਮੌਨਸੂਨ ਦੇ ਮੌਸਮ ਵਿਚ ਘੱਗਰ ਵਿਚ ਪਾਣੀ ਦਾ ਪੱਧਰ ਵਧਦਾ ਹੈ ਤਾਂ ਇਸ ਦੇ ਕਿਨਾਰੇ ਵਸਦੇ ਪਿੰਡਾਂ ਦੇ ਲੋਕ ਸਹਿਮ ਜਾਂਦੇ ਹਨ। ਪਾਣੀ ਜਦੋਂ ਚੜ੍ਹਨ ਲੱਗਦਾ ਹੈ ਤਾਂ ਕਈ ਪਿੰਡਾਂ ਦੇ ਲੋਕ ਪਹਿਲਾਂ ਤੋਂ ਹੀ ਆਪਣੀਆਂ ਫਸਲਾਂ, ਮਾਲ ਪਸ਼ੂਆਂ ਦੇ ਬਚਾਅ ਵਿਚ ਜੁਟ ਜਾਂਦੇ ਹਨ। ਘੱਗਰ ਦੇ ਮੁੱਦੇ ’ਤੇ ਸਿਆਸਤ ਵੀ ਖੂਬ ਹੁੰਦੀ ਰਹੀ ਹੈ ਪਰ ਇਸ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾ ਸਕਿਆ। ਹਰ ਵਾਰ ਸਰਕਾਰਾਂ ਘੱਗਰ ਦੀ ਤਬਾਹੀ ਦਾ ਮੰਜ਼ਰ ਦੇਖਦੀਆਂ ਹਨ ਅਤੇ ਘੱਗਰ ਦੇ ਕਿਨਾਰੇ ਪੱਕੇ ਕਰਨ ਲਈ ਵੱਡੇ-ਵੱਡੇ ਐਲਾਨ ਕੀਤੇ ਜਾਂਦੇ ਹਨ ਪਰ ਅੱਜ ਤੱਕ ਘੱਗਰ ਦਰਿਆ ਨੂੰ ਪੱਕਾ ਨਹੀਂ ਕੀਤਾ ਗਿਆ। ਇਸ ਵੇਲੇ ਇਸ ਘੱਗਰ ਦਰਿਆ ਵਿਚ ਕਰੀਬ 21 ਫੁੱਟ ਪਾਣੀ ਵਹਿ ਰਿਹਾ ਹੈ।
ਚੀਕਾ ਨੇੜਲੇ ਪਿੰਡਾਂ ’ਚ ਹੜ੍ਹ ਦਾ ਖ਼ਤਰਾ
ਗੂਹਲਾ ਚੀਕਾ (ਰਾਮ ਕੁਮਾਰ ਮਿੱਤਲ): ਛੋਟੀ ਘੱਗਰ ਵਜੋਂ ਜਾਣੇ ਜਾਂਦੇ ਬਰਸਾਤੀ ਨਾਲੇ ਵਿੱਚ ਪਾਣੀ ਦੀ ਗਾਦ ਦਾ ਢੇਰ ਹੜ੍ਹ ਦੇ ਖ਼ਤਰੇ ਨੂੰ ਸੱਦਾ ਦੇ ਰਿਹਾ ਹੈ। ਘੱਗਰ ਦਰਿਆ ਪਹਿਲਾਂ ਹੀ ਕੰਢੇ ਤੱਕ ਭਰਿਆ ਹੋਇਆ ਹੈ, ਇਸ ਲਈ ਇਸ ਵਿੱਚੋਂ ਓਵਰਫਲੋਅ ਹੋਣ ਵਾਲਾ ਪਾਣੀ ਖੇਤਾਂ ਰਾਹੀਂ ਛੋਟੀ ਘੱਗਰ ਵਿੱਚ ਆਉਂਦਾ ਹੈ ਅਤੇ ਇੱਥੋਂ ਚੀਕਾ ਰਾਹੀਂ ਅੱਗੇ ਜਾਂਦਾ ਹੈ। ਪਰ ਇਸ ਵਾਰ ਦਰਿਆ ਵਿੱਚ ਪਾਣੀ ਦੀ ਗਾਦ ਕਾਰਨ ਰਸਤਾ ਬੰਦ ਹੋ ਗਿਆ ਹੈ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਅਜਿਹੀ ਸਥਿਤੀ ਵਿੱਚ, ਹੜ੍ਹ ਦਾ ਪਾਣੀ ਅੱਗੇ ਨਾ ਜਾਣ ਕਾਰਨ ਪਾਣੀ ਚੀਕਾ ਸ਼ਹਿਰ ਅਤੇ ਨੇੜੇ ਦੇ ਅੱਧੀ ਦਰਜਨ ਪਿੰਡਾਂ ਵਿੱਚ ਦਾਖਲ ਹੋ ਸਕਦਾ ਹੈ। ਲੋਕਾਂ ਨੇ ਦੱਸਿਆ ਕਿ ਹਾਲ ਹੀ ਵਿੱਚ ਕੈਥਲ ਦੀ ਡੀਸੀ ਪ੍ਰੀਤੀ ਨੇ ਘੱਗਰ ਅਤੇ ਛੋਟੀਆਂ ਨਦੀਆਂ ਦੀ ਸਫ਼ਾਈ ਦਾ ਨਿਰੀਖਣ ਕੀਤਾ ਸੀ। ਉਸ ਦੌਰਾਨ ਚੀਕਾ ਦੀ ਛੋਟੀ ਦਰਿਆ ਵਿੱਚ ਗਾਦ ਨੂੰ ਦੇਖ ਕੇ ਨਗਰਪਾਲਿਕਾ ਸਕੱਤਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਦੇ ਬਾਵਜੂਦ ਨਗਰਪਾਲਿਕਾ ਨੇ ਇਸ ਦੀ ਸਫ਼ਾਈ ਕਰਨ ਦੀ ਖੇਚਲ ਨਹੀਂ ਕੀਤੀ।