ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ‘ਮਾੜੀ ਸ਼੍ਰੇਣੀ’ ਵਿੱਚ ਬਰਕਰਾਰ
ਦਿੱਲੀ ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਬਰਕਰਾਰ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਦਿੱਲੀ ਵਿੱਚ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ਸਵੇਰੇ 6 ਵਜੇ 315 ਸੀ। ਦੂਜੇ ਪਾਸੇ ਭਾਰਤ ਮੌਸਮ ਵਿਭਾਗ ਨੇ ਰਾਸ਼ਟਰੀ ਰਾਜਧਾਨੀ ਵਿੱਚ ਹਲਕੇ...
ਦਿੱਲੀ ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਬਰਕਰਾਰ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਦਿੱਲੀ ਵਿੱਚ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ਸਵੇਰੇ 6 ਵਜੇ 315 ਸੀ। ਦੂਜੇ ਪਾਸੇ ਭਾਰਤ ਮੌਸਮ ਵਿਭਾਗ ਨੇ ਰਾਸ਼ਟਰੀ ਰਾਜਧਾਨੀ ਵਿੱਚ ਹਲਕੇ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਗੁਆਂਢੀ ਸ਼ਹਿਰਾਂ ਵਿੱਚ ਵੀ ਹਵਾ ਦੀ ਗੁਣਵੱਤਾ ਮਾੜੀ ਦੱਸੀ ਗਈ ਹੈ। ਮੌਸਮ ਵਿਭਾਗ ਅਨੁਸਾਰ ਕੌਮੀ ਰਾਜਧਾਨੀ ਵਿੱਚ ਅੱਜ ਘੱਟੋ-ਘੱਟ ਤਾਪਮਾਨ 17.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਸੀਜ਼ਨ ਦੇ ਔਸਤ ਤੋਂ 0.1 ਡਿਗਰੀ ਸੈਲਸੀਅਸ ਵੱਧ ਹੈ। ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਰਿਹਾ। ਸਵੇਰੇ 8:30 ਵਜੇ ਨਮੀ ਦੀ ਮਾਤਰਾ 94 ਫ਼ੀਸਦ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ‘ਸਮੀਰ’ ਐਪ ਅਨੁਸਾਰ ਬਵਾਨਾ ਅਤੇ ਆਨੰਦ ਵਿਹਾਰ ਵਰਗੇ ਖੇਤਰਾਂ ਵਿੱਚ ਕ੍ਰਮਵਾਰ 401 ਅਤੇ 431 ਦੇ ਨਾਲ ਗੰਭੀਰ ਸ਼੍ਰੇਣੀ ਵਿੱਚ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ ) ਦਰਜ ਕੀਤਾ ਗਿਆ। ਸ਼ਹਿਰ ਭਰ ਦੇ 38 ਨਿਗਰਾਨੀ ਸਟੇਸ਼ਨਾਂ ਵਿੱਚੋਂ 23 ਨੇ 300 ਤੋਂ ਉੱਪਰ ਏ ਕਿਊ ਆਈ ਦੀ ਰਿਪੋਰਟ ਕੀਤੀ, ਜੋ ਕਿ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਆਉਂਦਾ ਹੈ। ਐਤਵਾਰ ਨੂੰ ਸ਼ਹਿਰ ਦੀ ਹਵਾ ਦੀ ਗੁਣਵੱਤਾ ਵਿੱਚ ਥੋੜ੍ਹਾ ਸੁਧਾਰ ਹੋਇਆ। ਐਤਵਾਰ ਸ਼ਾਮ ਨੂੰ ਹਵਾ ਗੁਣਵੱਤਾ ਸੂਚਕ ਅੰਕ 292 ਸੀ, ਜਦੋਂ ਕਿ ਸਵੇਰੇ ਇਹ 324 ਸੀ। ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ 0 ਤੋਂ 50 ਵਿਚਕਾਰ ਇੱਕ ਏ ਕਿਊ ਆਈ ‘ਚੰਗਾ’, 51 ਤੋਂ 100 ਵਿਚਕਾਰ ਤਸੱਲੀਬਖ਼ਸ਼, 101 ਤੋਂ 200 ਵਿਚਕਾਰ ‘ਦਰਮਿਆਨਾ’, 201-300 ‘ਮਾੜਾ’, 301-400 ‘ਬਹੁਤ ਮਾੜਾ’ ਅਤੇ 401-500 ‘ਗੰਭੀਰ’ ਮੰਨਿਆ ਜਾਂਦਾ ਹੈ। ਉਧਰ ਪ੍ਰਸ਼ਾਸਨ ਵੱਲੋਂ ਪ੍ਰਦੂਸ਼ਣ ਘਟਾਉਣ ਲਈ ਪਾਣੀ ਦਾ ਛਿੜਕਾਅ ਅਤੇ ਹੋਰ ਕਈ ਯਤਨ ਕੀਤੇ ਜਾ ਰਹੈ ਹਨ। ਮੌਸਮ ਵਿਭਾਗ ਅਨੁਸਾਰ ਕੱਲ੍ਹ ਸ਼ਹਿਰ ਵਿੱਚ ਘੱਟੋ-ਘੱਟ ਤਾਪਮਾਨ 15.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਜੋ ਕਿ ਪਿਛਲੇ ਦੋ ਸਾਲਾਂ ਵਿੱਚ ਅਕਤੂਬਰ ਵਿੱਚ ਸਭ ਤੋਂ ਘੱਟ ਹੈ ਅਤੇ ਆਮ ਨਾਲੋਂ 1.4 ਡਿਗਰੀ ਘੱਟ ਹੈ।
ਸਮੌਗ ਸਪਰੇਅਰ ਪ੍ਰਾਜੈਕਟ ਦਾ ਦੂਜਾ ਪੜਾਅ ਸ਼ੁਰੂ
ਦਿੱਲੀ ਨਗਰ ਨਿਗਮ (ਐੱਨ ਡੀ ਐੱਮ ਸੀ) ਨੇ ਵਧ ਰਹੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਸ਼ਾਂਤੀ ਮਾਰਗ ਅਤੇ ਅਫਰੀਕਾ ਐਵੇਨਿਊ ’ਤੇ ਸਮੌਗ ਸਪਰੇਅਰ ਪ੍ਰਾਜੈਕਟ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ। ਨਿਗਮ ਅਨੁਸਾਰ ਇਹ ਪਹਿਲ ਲੋਧੀ ਰੋਡ ’ਤੇ ਲਾਗੂ ਕੀਤੇ ਗਏ ਪਹਿਲੇ ਪੜਾਅ ਦੀ ਸਫ਼ਲਤਾ ’ਤੇ ਆਧਾਰਿਤ ਹੈ। ਬਿਜਲੀ ਦੇ ਖੰਭਿਆਂ ’ਤੇ ਲਗਾਏ ਗਏ ਸਪਰੇਅਰ ਧੂੜ ਅਤੇ ਹਵਾ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ। ਇਸ ਨਾਲ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ।

