ਸਮਾਗਮ ਦਾ ਆਰੰਭ ਮਹਾਰਾਜਾ ਅਗਰਸੈਨ ਪਾਰਕ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਉਦਯੋਗਪਤੀ ਆਰ ਡੀ ਗੁਪਤਾ ਅਤੇ ਰਾਈਸ ਮਿੱਲ ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਗੁਪਤਾ ਨੇ ਅਗਰਸੈਨ ਮੂਰਤੀ ’ਤੇ ਫੁੱਲ੍ਹ ਚੜ੍ਹਾ ਕੇ ਕੀਤਾ।
ਇਸ ਤੋਂ ਬਾਅਦ ਪਾਰਕ ਵਿੱਚ ਹੀ ਵਿਸ਼ਵ ਕਲਿਆਣ ਦੇ ਲਈ ਹਵਨ ਯੱਗ ਕਰਵਾਇਆ ਗਿਆ, ਜਿਸ ਵਿੱਚ ਐੱਲ ਐੱਨ ਐੱਨ ਕਾਲਜ ਰਾਦੌਰ ਦੇ ਸਾਬਕਾ ਪ੍ਰਿੰਸੀਪਲ ਪ੍ਰੋ. ਸੁਨੀਲ ਗੁਪਤਾ ਯਜਮਾਨ ਸਨ। ਇਸ ਮੌਕੇ ਵੱਡੀ ਗਿਣਤੀ ਵਿੱਚ ਅਗਰਵਾਲ ਸਮਾਜ ਦੇ ਪਤਵੰਤੇ ਮੌਜੂਦ ਸਨ। ਇਸ ਸਮਾਗਮ ਦੇ ਸੰਦਰਭ ਵਿੱਚ ਹੀ ਸ਼ਾਮ ਵੇਲੇ ਆਰਿਆ ਕੰਨਿਆ ਕਾਲਜ ਦੇ ਆਡੀਟੋਰੀਅਮ ਵਿੱਚ ਇੱਕ ਹਾਸਰਸ ਕਵੀ ਸੰਮੇਲਨ ਵੀ ਕਰਵਾਇਆ ਗਿਆ, ਜਿਸ ਵਿੱਚ ਅਗਰਵਾਲ ਸਮਾਜ ਦੇ ਲੋਕਾਂ ਨੂੰ ਵਿਸ਼ੇਸ਼ ਮੱਲਾਂ ਮਾਰਨ ’ਤੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦਾ ਸ਼ੁਭ ਆਰੰਭ ਭਾਜਪਾ ਆਗੂ ਸੁਭਾਸ਼ ਕਲਸਾਣਾ, ਵਿਜੈ ਗਰਗ, ਰਜਤ ਬੰਸਲ, ਪੰਕਜ ਸਿੰਗਲਾ, ਆਸ਼ੂਤੋਸ਼ ਗਰਗ ਤੇ ਅਮਿਤ ਸਿੰਘਲ ਨੇ ਕੀਤਾ। ਮੁੱਖ ਮਹਿਮਾਨ ਸੁਭਾਸ਼ ਕਲਸਾਣਾ ਨੇ ਕਿਹਾ ਕਿ ਸਾਡਾ ਦੇਸ਼ ਰਿਸ਼ੀ ਮੁਨੀਆਂ ਤੇ ਸੰਤ ਮਹਾਪੁਰਖਾਂ ਦਾ ਦੇਸ਼ ਹੈ ਤੇ ਅਸੀਂ ਮਾਨਵਤਾ ਨੂੰ ਮੰਨਣ ਵਾਲੇ ਲੋਕ ਹਾਂ। ਮਹਾਰਾਜਾ ਅਗਰਸੈਨ ਨੇ ਵੀ ਦੁਨੀਆਂ ਨੂੰ ਸਮਾਜਵਾਦ ਦਾ ਸੰਦੇਸ਼ ਦਿੱਤਾ। ਉਨਾਂ ਨੇ ਆਪਣੇ ਰਾਜ ਵਿੱਚ ਆਉਣ ਵਾਲਿਆਂ ਦੀ ਮਦਦ ਲਈ ਇੱਕ ਰੁਪਿਆ, ਇੱਕ ਇੱਟ ਯੋਜਨਾ ਲਾਗੂ ਕੀਤੀ। ਉਨਾਂ ਨੇ ਵਪਾਰ ਤੇ ਸਮਾਜਵਾਦ ਦਾ ਇੱਕ ਵਿਲੱਖਣ ਮਾਡਲ ਬਣਾਇਆ ਤੇ ਵੈਸ਼ ਪਰੰਪਰਾ ਅਤੇ ਵਪਾਰ ਨੂੰ ਇੱਕ ਨਵੀਂ ਦਿਸ਼ਾ ਦਿੱਤੀ।
ਪ੍ਰਸਿੱਧ ਉਦਯੋਗਪਤੀ ਨਰਿੰਦਰ ਗਰਗ ਬਲਾ, ਡਾ. ਨਰੇਸ਼ ਗਰਗ ਆਰ ਡੀ ਗੁਪਤਾ, ਰਜਤ ਬੰਸਲ ਤੇ ਸੇਵਾਮੁਕਤ ਪ੍ਰਿੰਸੀਪਲ ਪ੍ਰੋ. ਸੁਨੀਲ ਗੁਪਤਾ ਨੇ ਸਾਰਿਆਂ ਨੂੰ ਮਹਾਰਾਜਾ ਅਗਰਸੈਨ ਦੇ ਦਿਖਾਏ ਰਾਹ ’ਤੇ ਚੱਲ ਕੇ ਜੀਵਨ ਨੂੰ ਸਾਕਾਰ ਕਰਨ ਲਈ ਕਿਹਾ।
ਇਸ ਮੌਕੇ ਪਹਿਲੀ ਵਾਰ ਅਗਰਵਾਲ ਸਭਾ ਵਲੋਂ ਹਾਸਰਸ ਕਵੀ ਸੰਮੇਲਨ ਕਰਵਾਇਆ ਗਿਆ। ਕਵੀ ਦਰਬਾਰ ਦੇ ਮੰਚ ਦਾ ਸੰਚਾਲਨ ਹਾਸਰਸ ਕਵੀ ਅਨਿਲ ਅਗਰਵੰਸ਼ੀ ਨੇ ਕੀਤਾ। ਹਾਸਰਸ ਕਵੀਆਂ ਵਿੱਚ ਸੁੰਦਰ ਕਟਰੀਆ, ਵਿਨੀਤ ਚੌਹਾਨ, ਪ੍ਰਵੀਣ ਸ਼ੁਕਲ ਤੇ ਸ਼ਿੰਗਾਰ ਰਸ ਕਵੀ ਖੁਸ਼ਬੂ ਸ਼ਰਮਾ ਨੇ ਇੱਕ ਤੋਂ ਇੱਕ ਪੇਸ਼ਕਾਰੀ ਦੇ ਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।