ਅੰਬਾਲਾ ਦੇ ਇੰਡਸਟਰੀਅਲ ਏਰੀਏ 'ਚ ਪਾਣੀ ਕੱਢਣ ਲਈ ਪ੍ਰਸ਼ਾਸਨ ਸਰਗਰਮ
ਡਿਪਟੀ ਕਮਿਸ਼ਨਰ ਅੰਬਾਲਾ ਅਜੈ ਸਿੰਘ ਤੋਮਰ ਨੇ ਐਸ.ਡੀ.ਐਮ. ਦਫ਼ਤਰ ਅੰਬਾਲਾ ਛਾਉਣੀ ਵਿੱਚ ਇੰਡਸਟਰੀਅਲ ਏਰੀਏ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਹੜ੍ਹ ਕਾਰਨ ਪੈਦਾ ਹੋਈ ਪਾਣੀ ਭਰਨ ਦੀ ਸਥਿਤੀ ਤੇ ਚਰਚਾ ਕੀਤੀ। ਉਨ੍ਹਾਂ ਨੇ ਐਚਐਸਆਈਡੀਆਈਸੀ (HSIDIC) ਅਤੇ ਮਕੈਨਿਕਲ ਵਿੰਗ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਡੀਜ਼ਲ ਪੰਪਾਂ ਦੀ ਗਿਣਤੀ ਵਧਾਈ ਜਾਵੇ ਅਤੇ ਵੱਡੇ ਪਾਈਪਾਂ ਰਾਹੀਂ ਬਰਸਾਤੀ ਪਾਣੀ ਨੂੰ ਓਮਲਾ ਨਦੀ ਵੱਲ ਡਾਈਵਰਟ ਕੀਤਾ ਜਾਵੇ।
ਡੀਸੀ ਨੇ ਕਿਹਾ ਕਿ ਇੰਡਸਟਰੀਅਲ ਏਰੀਏ ਸਮੇਤ ਨੀਵੀਂ ਕਾਲੋਨੀਆਂ ਵਿੱਚ ਖੜ੍ਹੇ ਪਾਣੀ ਦੀ ਨਿਕਾਸੀ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਭਾਰੀ ਬਰਸਾਤ ਅਤੇ ਪਹਾੜੀ ਖੇਤਰਾਂ ਤੋਂ ਪਾਣੀ ਆਉਣ ਕਾਰਨ ਟਾਂਗਰੀ ਨਦੀ ਓਵਰਫਲੋ ਹੋ ਗਿਆ ਸੀ ,ਜਿਸ ਨਾਲ ਵਿਕਾਸਪੁਰੀ, ਸੋਨੀਆ ਕਾਲੋਨੀ ਤੇ ਹੋਰ ਇਲਾਕੇ ਪ੍ਰਭਾਵਿਤ ਹੋਏ।
ਨੁਕਸਾਨ ਬਾਰੇ ਪੁੱਛਣ 'ਤੇ ਇੰਡਸਟਰੀਅਲ ਏਰੀਏ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਕੀਮਤੀ ਮਸ਼ੀਨਰੀਆਂ ਵੀ ਖਰਾਬ ਹੋਈਆਂ ਹਨ। ਡੀਸੀ ਨੇ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਹਰ ਸੰਭਵ ਮਦਦ ਉਨ੍ਹਾਂ ਤੱਕ ਪਹੁੰਚਾਵੇਗਾ ਅਤੇ ਜਿੱਥੇ ਲੋੜ ਹੋਵੇ ਉੱਥੇ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਸੁਰੱਖਿਅਤ ਥਾਵਾਂ 'ਤੇ ਭੇਜਿਆ ਜਾ ਰਿਹਾ ਹੈ।