ਪੁਲੀਸ ਮੁਕਾਬਲੇ ਵਿੱਚ ਮੁਲਜ਼ਮ ਜ਼ਖ਼ਮੀ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 25 ਮਾਰਚ
ਦੇਰ ਰਾਤ ਵੱਲਾ ਫਲਾਈਓਵਰ ਨੇੜੇ ਥਾਣਾ ਬੀ ਡਿਵੀਜ਼ਨ ਦੀ ਪੁਲੀਸ ਨਾਲ ਹੋਏ ਮੁਕਾਬਲੇ ਦੌਰਾਨ ਕਥਿਤ ਲੁਟੇਰਾ ਜ਼ਖਮੀ ਹੋ ਗਿਆ। ਮੁਲਜ਼ਮ ਦੀ ਪਛਾਣ ਵਿਕਰਮਜੀਤ ਸਿੰਘ ਉਰਫ਼ ਪਿੰਟੂ ਵਾਸੀ ਗਲੀ ਮਸੀਤ ਵਾਲੀ ਤਰਨ ਤਾਰਨ ਵਜੋਂ ਹੋਈ। ਮੁਲਜ਼ਮ ਕੋਲੋਂ ਪਿਸਤੌਲ ਅਤੇ ਪੰਜ ਕਾਰਤੂਸ ਬਰਾਮਦ ਹੋਏ। ਉਸ ਨੂੰ ਗ੍ਰੰਥੀ ਤੋਂ ਮੋਬਾਈਲ ਤੇ ਮੋਟਰਸਾਈਕਲ ਖੋਹਣ ਦੇ ਦੋਸ਼ ਹੇਠ ਕਾਬੂ ਕੀਤਾ ਸੀ। ਦੋ ਦਿਨ ਪਹਿਲਾਂ ਉਸ ਨੇ ਪ੍ਰਤਾਪ ਨਗਰ ਵਿੱਚ ਲੁੱਟ-ਖੋਹ ਕੀਤੀ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਜਦੋਂ ਮੁਲਜ਼ਮ ਨੂੰ ਹਥਿਆਰ ਬਰਾਮਦ ਹੋਣ ਮਗਰੋਂ ਬੀ ਡਿਵੀਜ਼ਨ ਥਾਣੇ ਲੈ ਜਾ ਰਹੇ ਸਨ, ਤਾਂ ਉਸ ਨੇ ਬੇਚੈਨੀ ਮਹਿਸੂਸ ਕੀਤੀ। ਪੁਲੀਸ ਨੇ ਗੱਡੀ ਰੋਕ ਜਦੋਂ ਉਸ ਨੂੰ ਬਾਹਰ ਕੱਢਿਆ ਤਾਂ ਉਸ ਨੇ ਸਹਾਇਕ ਸਬ ਇੰਸਪੈਕਟਰ ਹਰਨੇਕ ਸਿੰਘ ਦਾ ਪਿਸਤੌਲ ਖੋਹ ਲਿਆ। ਇਸ ਦੌਰਾਨ ਉਸ ਨੇ ਪੁਲੀਸ ’ਤੇ ਗੋਲੀ ਚਲਾਈ। ਜਵਾਬੀ ਕਾਰਵਾਈ ਦੌਰਾਨ ਉਸ ਦੀ ਲੱਤ ’ਤੇ ਗੋਲੀ ਲੱਗੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਵਿਰੁੱਧ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਨਵਾਂ ਕੇਸ ਦਰਜ ਕੀਤਾ ਗਿਆ ਹੈ।