ਯਮੁਨਾਨਗਰ 'ਚ ਹਾਲ ਹੀ ਵਿੱਚ ਹੋਈ ਫਾਇਰਿੰਗ ਦੀ ਘਟਨਾ 'ਚ ਸ਼ਾਮਲ ਮੁਲਜ਼ਮ ਅਮਨ ਵਾਸੀ ਆਜ਼ਾਦ ਨਗਰ, ਯਮੁਨਾਨਗਰ ਨੂੰ ਅੰਬਾਲਾ ਜ਼ਿਲ੍ਹੇ ਦੇ ਮੁਲਾਣਾ ਨੇੜੇ ਪੁਲੀਸ ਨਾਲ ਮੁਠਭੇੜ ਦੌਰਾਨ ਗੋਲੀ ਲੱਗੀ, ਜੋ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਅੰਬਾਲਾ ਸ਼ਹਿਰ ਵਿਖੇ ਜ਼ੇਰੇ ਇਲਾਜ ਹੈ। ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਸੀਆਈਏ -1 ਅੰਬਾਲਾ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਮੁਲਜ਼ਮ ਮੁਲਾਣਾ ਖੇਤਰ ਵਿੱਚ ਹਥਿਆਰਾਂ ਨਾਲ ਲੈਸ ਹੋ ਕੇ ਮੋਟਰਸਾਈਕਲ 'ਤੇ ਘੁੰਮ ਰਿਹਾ ਹੈ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ।
ਸੂਚਨਾ ਦੇ ਆਧਾਰ 'ਤੇ ਪੁਲੀਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਦੋਂ ਮੁਲਜ਼ਮ ਨੇ ਪੁਲੀਸ ਟੀਮ ਨੂੰ ਵੇਖਿਆ ਤਾਂ ਉਹ ਮੌਕੇ ਤੋਂ ਭੱਜਣ ਲੱਗਾ ਅਤੇ ਭੱਜਣ ਦੌਰਾਨ ਪੁਲੀਸ 'ਤੇ ਗੋਲੀਆਂ ਚਲਾਉਣ ਲੱਗ ਪਿਆ।
ਪੁਲੀਸ ਵਲੋਂ ਜਵਾਬੀ ਕਾਰਵਾਈ ਕੀਤੀ ਗਈ, ਜਿਸ ਦੌਰਾਨ ਅਮਨ ਦੀ ਖੱਬੀ ਲੱਤ 'ਚ ਗੋਲੀ ਲੱਗ ਗਈ। ਜ਼ਖਮੀ ਹਾਲਤ ਵਿੱਚ ਉਸਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਹੋਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।