ਕਤਲ ਦੇ ਦੋਸ਼ ਹੇਠ ਮੁਲਜ਼ਮ ਕਾਬੂ
ਪੱਤਰ ਪ੍ਰੇਰਕ
ਟੋਹਾਣਾ, 23 ਫਰਵਰੀ
ਪੁਲੀਸ ਨੇ ਜਮਾਲਪੁਰ (ਭਿਵਾਨੀ) ਦੇ ਨੌਵੀਂ ਜਮਾਤ ਦੇ ਰਿਸ਼ਵ (13) ਦੀ ਮੌਤ ਦਾ ਮਾਮਲਾ ਹੱਲ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਲਿਆ ਹੈ। ਪੁਲੀਸ ਮੁਤਾਬਕ ਰਿਸ਼ਵ ਦਾ ਕਤਲ ਉਸ ਦੇ ਚਾਚੇ ਦੇ ਲੜਕੇ ਰਮੇਸ਼ ਨੇ ਹੀ ਕੀਤਾ ਸੀ ਤੇ ਲਾਸ਼ ਖੇਤਾਂ ਵਿੱਚ ਦੱਬ ਦਿੱਤੀ ਸੀ। ਮੁਲਜ਼ਮ ਨੇ ਜੁਰਮ ਕਬੂਲ ਕਰ ਲਿਆ ਹੈ। ਜਾਣਕਾਰੀ ਮੁਤਾਬਕ ਜਮਾਲਪੁਰ (ਭਿਵਾਨੀ) ਦੇ ਅਨਿਲ ਨੇ ਆਪਣੇ ਬੇਟੇ ਦੀ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਪੁਲੀਸ ਵੱਲੋਂ ਜਾਂਚ ਦੌਰਾਨ ਰਮੇਸ਼ ਵੀ ਰਿਸ਼ਵ ਨੂੰ ਲੱਭਣ ’ਚ ਪੁਲੀਸ ਦੀ ਮਦਦ ਕਰਦਾ ਰਿਹਾ ਪਰ ਸੀਸੀਟੀਵੀ ਫੁਟੇਜ ਘੋਖਣ ’ਤੇ ਇੱਕ ਜਗ੍ਹਾ ਰਿਸ਼ਵ ਨੂੰ ਰਮੇਸ਼ ਨਾਲ ਜਾਂਦੇ ਹੋਏ ਦੇਖਿਆ ਗਿਆ। ਪੁਲੀਸ ਵੱਲੋਂ ਰਮੇਸ਼ ਨੂੰ ਕਾਬੂ ਕਰ ਕੇ ਸਖ਼ਤੀ ਪੁੱਛ ਪੜਤਾਲ ਕਰਨ ’ਤੇ ਉਸ ਨੇ ਰਿਸ਼ਵ ਦੇ ਕਤਲ ਦੀ ਵਾਰਦਾਤ ਕਬੂਲ ਕਰ ਲਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਰਮੇਸ਼ ਨੇ ਘਰੇਲੂ ਝਗੜੇ ਦੀ ਰੰਜਿਸ਼ ਕਾਰਨ ਰਿਸ਼ਵ ਦਾ ਕਤਲ ਕਰ ਕੇ ਲਾਸ਼ ਖੇਤਾਂ ’ਚ ਦੱਬ ਦਿੱਤੀ। ਪੁਲੀਸ ਮੁਤਾਬਕ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਸਰ੍ਹੋਂ ਦੇ ਖੇਤ ਵਿੱਚ ਰਿਸ਼ਵ ਦੀ ਲਾਸ਼ ਬਰਾਮਦ ਕਰ ਲਈ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।